ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਆਮ ਆਦਮੀ ਪਾਰਟੀ (ਆਪ) ਨੂੰ ਘੇਰ ਰਹੀਆਂ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਗਾਤਾਰ ਸੋਸ਼ਲ ਮੀਡੀਆ ‘ਤੇ ਵੀਡੀਓ ਅਤੇ ਤਸਵੀਰਾਂ ਪੋਸਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧ ਰਹੇ ਹਨ ਪਰ ਹੁਣ ਸੀਐੱਮ ਮਾਨ ਨੇ ਟਵੀਟ ਕਰਕੇ ਸਾਰਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਪੰਜਾਬ ਕਾਂਗਰਸ ਦੀ ਭਾਜਪਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਜੀ, ਬਚੀ-ਖੁਚੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ, ਸ਼੍ਰੋਮਣੀ ਖਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ, ਮੈਂ ਏਸ ਵਕਤ ਪੰਜਾਬ ਦੇ ਲੋਕਾਂ ਦੀ ਕੁਦਰਤੀ ਆਫ਼ਤ ‘ਚ ਬਾਂਹ ਫੜ ਰਿਹਾ ਹਾਂ। ਮੈਨੂੰ ਮੇਰੇ ਲੋਕਾਂ ਦੀ ਮਦਦ ਕਰ ਲੈਣ ਦਿਓ, ਬੱਸ ਆ ਕੇ ਥੋਡੇ ਨਾਲ ਰਾਜਨੀਤੀ ਦੀ ਗੱਲ ਕਰਾਂਗਾ।
ਦਸ ਦਈਏ ਕਿ ਪਿਛਲੇ ਸੋਮਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਮੁੱਖ ਮੰਤਰੀ ਦੇ ਹਰਿਆਣਾ ਦੌਰੇ ‘ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ- ਪੰਜਾਬ ਪਾਣੀ ਵਿੱਚ ਡੁੱਬ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੋਟਾਂ ਲਈ ਹਰਿਆਣਾ ਵਿੱਚ ਘੁੰਮ ਰਹੇ ਹਨ। ਮੁੱਖ ਮੰਤਰੀ ਨੂੰ ਉਥੋਂ ਦੀ ਸਥਿਤੀ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਜਿਵੇਂ ਡੇਰਾਬੱਸੀ, ਮੋਹਾਲੀ ਅਤੇ ਰੋਪੜ ਦਾ ਦੌਰਾ ਕਰਨਾ ਚਾਹੀਦਾ ਸੀ।
ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਸੀ ਕਿ ਪੰਜਾਬ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। 250 ਦੇ ਕਰੀਬ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, 5 ਲੱਖ ਏਕੜ ਤੋਂ ਵੱਧ ਫਸਲ ਤਬਾਹ ਹੋ ਚੁੱਕੀ ਹੈ, 30 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੇਕਰ ਸਰਕਾਰੀ ਮਦਦ ਲਈ ਨਾ ਪਹੁੰਚੀ ਤਾਂ ਪਤਾ ਨਹੀਂ ਕਿੰਨੇ ਹੋਰ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਗੇ। ਇਨ੍ਹਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਹਰ ਮਹੀਨੇ ਇਸ਼ਤਿਹਾਰਾਂ ‘ਤੇ 100 ਕਰੋੜ ਤੋਂ ਵੱਧ ਖਰਚ ਕਰਦੇ ਹਨ, ਨੇ ਪੀੜਤਾਂ ਲਈ ਸਿਰਫ਼ 33.5 ਕਰੋੜ ਜਾਰੀ ਕਰਕੇ ਪੰਜਾਬੀਆਂ ਨਾਲ ਮਜ਼ਾਕ ਕੀਤਾ ਹੈ। ‘ਆਪ’ ਪੰਜਾਬ ਲੋਕਾਂ ਦੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ, ਇਸਦੀ ਗੰਭੀਰਤਾ ਨੂੰ ਸਮਝੋ।
ਇੰਨਾ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਵਿਅੰਗ ਕੱਸਿਆ ਅਤੇ ਸੂਬਾ ਸਰਕਾਰ ਨੂੰ ਬਿਨਾਂ ਤਜ਼ਰਬੇ ਵਾਲੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਇਹ ਗੱਲ ਹਰੀਕੇ ਹੈੱਡਵਰਕਸ ਦੇ ਉਦਘਾਟਨ ਮੌਕੇ ਕਹੀ। ਉਨ੍ਹਾਂ ਕਿਹਾ ਕਿ ਹਰੀਕੇ ਹੈੱਡਵਰਕਸ ਦੇ ਸਾਰੇ ਗੇਟ ਨਹੀਂ ਖੋਲ੍ਹਣੇ ਚਾਹੀਦੇ ਸਨ। ਅਜਿਹਾ ਇਸ ਲਈ ਹੋਇਆ ਕਿਉਂਕਿ ‘ਆਪ’ ਸਰਕਾਰ ਕੋਲ ਸਰਕਾਰ ਚਲਾਉਣ ਦਾ ਤਜ਼ਰਬਾ ਨਹੀਂ ਹੈ।