ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਆਏ ਹੜ੍ਹ ਨੂੰ ਲੈਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਰੋਹਤਕ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਜਿਥੇ ਹੜ੍ਹਾਂ ਨਾਲ ਬਣੀ ਸਥਿਤੀ ਨੂੰ ਲੈਕੇ ਆਪਣਾ ਪ੍ਰਤੀਕਰਮ ਦਿੱਤਾ। ਉਥੇ ਹੀ ਸੀ.ਐਮ. ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਦਰਅਸਲ, ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਹਰਿਆਣਾ ਅਤੇ ਰਾਜਸਥਾਨ ਨੇ ਹੜ੍ਹਾਂ ਦਾ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਂਝ ਦੋਵੇ ਸੂਬੇ ਪੰਜਾਬ ਦੇ ਪਾਣੀਆਂ ‘ਤੇ ਆਪਣਾ ਹਿੱਸਾ ਜਤਾਉਂਦੇ ਹਨ।
ਇਸ ਦੇ ਜਵਾਬ ਵੱਜੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਪਲਟ ਵਾਰ ਕੀਤਾ ਹੈ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਜੇਕਰ ਅੱਜ SYL ਨਹਿਰ ਬਣੀ ਹੋਈ ਹੁੰਦੀ ਤਾਂ ਪੰਜਾਬ ਨੂੰ ਘੱਟ ਨੁਕਸਾਨ ਹੁੰਦਾ। ਪਰ ਪੰਜਾਬ ਦੀ ਬਰਸਾਤ ਦਾ ਵੱਧ ਪਾਣੀ ਵਗ੍ਹ ਕੇ ਹਰਿਆਣਾ ਵਿਚ ਜੋ SYL ਬਣੀ ਹੋਈ ਹੈ, ਉਸ ਵਿਚ ਆਇਆ, ਜਿਸ ਦੇ ਕਾਰਨ ਅੰਬਾਲਾ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਇਲਾਕੇ ਡੁੱਬ ਗਏ। ਇਹ ਦੋ ਜ਼ਿਲ੍ਹੇ ਸਿਰਫ ਅੱਧੀ-ਅਧੂਰੀ ਬਣੀ ਹੋਈ SYL ਦੇ ਕਾਰਨ ਤੋਂ ਡੁੱਬੇ ਹਨ ਪਰ ਹਰਿਆਣਾ ਨੇ ਪੰਜਾਬ ‘ਤੇ ਦੋਸ਼ ਨਹੀਂ ਲਗਾਇਆ।
ਸੀ.ਐੱਮ. ਖੱਟੜ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਡੁਬੋਣ ਦਾ ਦੋਸ਼ ਲਗਾ ਰਹੀ ਹੈ, ਇਹ ਛੋਟੀ ਸੋਚ ਦੀ ਉਦਾਹਰਣ ਹੈ। ਛੋਟੀ ਸੋਚ ਦਾ ਵਿਅਕਤੀ ਅਜਿਹੀ ਸੋਚ ਰੱਖ ਸਕਦਾ ਹੈ ਕਿ ਮੈਂ ਆਪਣਾ ਬਚਾਅ ਕਰਾਂ ਅਤੇ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾ ਦੇਵਾਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਰ.ਟੀ.ਓ. ਬੈਰਾਜ ਦੀ ਸਾਂਭ-ਸੰਭਾਲ ‘ਤੇ ਪੈਸਾ ਕਦੇ ਵੀ ਹਰਿਆਣਾ ਨਹੀਂ ਖਰਚ ਕਰਦਾ। ਉਹ ਪੈਸਾ 2018 ਤੱਕ ਇੰਦਰਪ੍ਰਸਥ ਪਾਵਰ ਪਲਾਂਟ ਨੇ ਦਿੱਤਾ। ਪਲਾਂਟ ਦੇ ਬੰਦ ਹੋਣ ਨਾਲ ਪੈਸਾ ਆਉਣਾ ਬੰਦ ਹੋ ਗਿਆ।