ਫਾਜ਼ਿਲਕਾ: ਜਦੋਂ ਕੋਈ ਵਿਧਾਇਕ ਕਿਸੇ ਪਿੰਡ ਵਿਚ ਜਾਂਦਾ ਹੈ ਤਾਂ ਲੋਕਾਂ ਨੂੰ ਉਸ ਦੇ ਖਿਲਾਫ ਕੋਈ ਨਾ ਕੋਈ ਨਾਰਜ਼ਾਗੀ ਜ਼ਰੂਰ ਹੁੰਦੀ ਹੈ ਕਿ ਤੁਸੀਂ ਸਾਡੇ ਪਿੰਡ ਵਿਚ ਇਹ ਕੰਮ ਨਹੀਂ ਕਰਾਇਆ, ਓਹ ਕੰਮ ਨਹੀਂ ਕਰਾਇਆ ਪਰ ਜ਼ਿਲ੍ਹਾ ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਧਰਮਪੁਰਾ ਵਿਚ ਜਦੋਂ ‘ਆਪ’ ਵਿਧਾਇਕ ਅਮਨਦੀਪ ਸਿੰਘ ਗੋਲਡੀ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੁੱਜੇ ਤਾਂ ਉਹਨਾਂ ਨੇ ਪਿੰਡ ਵਾਸੀਆਂ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪਿੰਡ ਵਾਸੀਆਂ ਨੂੰ ਬਲੈਕਮੇਲਰ ਕਿਹਾ।
ਵਿਧਾਇਕ ਅਮਨਦੀਪ ਗੋਲਡੀ ਨੇ ਆਪਣੇ ਸੰਬੋਧਨ ਵਿੱਚ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਪਿੰਡ ਵਿੱਚ ਪਿਛਲੇ 75 ਸਾਲਾਂ ਤੋਂ ਕੋਈ ਕੰਮ ਨਹੀਂ ਹੋਇਆ। ਜੇਕਰ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਆਰ.ਟੀ.ਆਈ ਲਗਾ ਕੇ ਝੂਠੀਆਂ ਸ਼ਿਕਾਇਤਾਂ ਦਰਜ ਕਰਵਾ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਨਹੀਂ ਚਾਹੁੰਦੇ ਕੀ ਅਸੀਂ ਤੁਹਾਡੇ ਪਿੰਡ ਦਾ ਵਿਕਾਸ ਕਰੀਏ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਉਹ ਝੂਠੀਆਂ ਸ਼ਿਕਾਇਤਾਂ ਕਿਉਂ ਕਰ ਰਹੇ ਹਨ। ਸਾਰਾ ਪਿੰਡ ਬਲੈਕਮੇਲਰ ਦਾ ਪਿੰਡ ਹੈ। ਮੈਂ ਡੀਸੀ ਸਾਹਿਬ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਥੇ ਲੈ ਕੇ ਆਇਆ ਹਾਂ। ਤੁਸੀਂ ਉਨ੍ਹਾਂ ਨਾਲ ਬੈਠ ਕੇ ਸਾਰੇ ਮਸਲੇ ਹੱਲ ਕਰੋ।