ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਸਡਰ ਕਾਡਰ ਦੇ 3910 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ । ਇਸ ਮੌਕੇ ਐਲਾਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਦੀ ਕਾਇਆ-ਕਲਪ ਕੀਤਾ ਜਾਵੇਗੀ ਤੇ ਕੋਈ ਵੀ ਸਕੂਲ ਅਜਿਹਾ ਨਹੀਂ ਹੋਵੇਗਾ ਜਿੱਥੇ ਬੱਚੇ ਟਾਟਾਂ ਜਾਂ ਦਰੀਆਂ ‘ਤੇ ਬੈਠਣਗੇ ਤੇ ਸਾਰੇ ਸਕੂਲਾਂ ‘ਚ ਬੈਠਣ ਲਈ ਬੈਂਚ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਬੱਸਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਾਰੇ ਸਕੂਲਾਂ ‘ਚ ਕੁੜੀਆਂ-ਮੁੰਡਿਆਂ ਲਈ ਵਧੀਆਂ ਸਹੂਲਤਾਂ ਨਾਲ ਬਾਥਰੂਮ ਬਣਾਏ ਜਾਣਗੇ। ਸਕੂਲਾਂ ਦੀ ਦੇਖ-ਰੇਖ ਲਈ ਸੇਨੀਟੇਸ਼ਨ ਪਰਸਨ ਨਿਯੁਕਤ ਕੀਤਾ ਜਾਵੇਗਾ, ਚੌਂਕੀਦਾਰ ਅਤੇ ਕੈਂਪਸ ਮੈਨੇਜਰ, ਜਿਸ ਦਾ ਖ਼ਰਚਾ 141 ਕਰੋੜ ਹੈ, ਉਹ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਸਕੂਲਾਂ ਨੂੰ ਲਾਵਾਰਿਸ ਨਾ ਛੱਡਿਆ ਜਾਵੇ।
ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 60 ਦੇ ਕਰੀਬ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤੇ ਸਰਕਾਰ ਇਸਦਾ ਸਾਰਾ ਖ਼ਰਚਾ ਚੁੱਕੇਗੀ। ਇਸ ਤੋਂ ਇਲਾਵਾ ਸੂਬੇ ‘ਚ 117 ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ ਤਾਂ ਜੋ ਸਾਡੇ ਅਧਿਆਪਕ ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਸਕਣ। ਅਧਿਆਪਕ ਨੇ ਹੀ ਪੰਜਾਬ ਲਈ ਸੋਨਾ ਤਿਆਰ ਕਰਨਾ ਹੈ, ਜੋ ਦੇਸ਼ ਦੇ ਲਈ ਕੰਮ ਕਰ ਸਕਣ ਤੇ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ‘ਚ 22-23 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਮਾਹਰ ਅਧਿਆਪਕ ਹਨ, ਉਨ੍ਹਾਂ ਦੀ ਉਮਰ ਮਿਆਦ ‘ਚ ਵੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਸਕੂਲ ਖ਼ਾਲੀ ਪਏ ਹਨ, ਇਸ ਲਈ ਅਧਿਆਪਕਾਂ ਦੀ ਬਦਲੀ ਪਿੰਡਾਂ ਦੇ ਸਰਕਾਰੀ ਸਕੂਲਾਂ ‘ਚ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ 2-4 ਮਹੀਨੇ ਅਧਿਆਪਕਾਂ ਨੂੰ ਪਿੰਡਾਂ ‘ਚ ਜਾ ਕੇ ਕਹਿਣਾ ਪੈਣਾ ਹੈ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ, ਅਜਿਹਾ ਕਹਿਣ ਨਾਲ ਫਿਰ ਸਰਕਾਰੀ ਸਕੂਲ ਵੀ ਵਧੀਆ ਬਣ ਜਾਣਗੇ।
ਮਾਨ ਨੇ ਕਿਹਾ ਕਿ ਅਧਿਆਪਕਾਂ ਸ਼ਹਿਰ ‘ਚ ਬਦਲੀ ਕਰਨ ਦੀ ਗੱਲ ਆਖਦੇ ਹਨ ਪਰ ਸ਼ਹਿਰ ‘ਚ ਅਧਿਆਪਕ ਵੱਧ ਹੁੰਦੇ ਹਨ ਤੇ ਬੱਚੇ ਘੱਟ। ਉੱਥੇ ਹੀ ਜੇ ਪਿੰਡਾਂ ਦੇ ਸਰਕਾਰੀ ਸਕੂਲ ਦੀ ਗੱਲ ਕਰੀਏ ਤਾਂ ਅਧਿਆਪਕ ਘੱਟ ਹੁੰਦੇ ਹਨ। ਇਸ ਲਈ ਅਧਿਆਪਕ ਜੇ ਪਿੰਡਾਂ ‘ਚ ਕੰਮ ਕਰਣਗੇ ਤਾਂ ਉਨ੍ਹਾਂ ਨੂੰ ਵੱਧ ਸਤਿਕਾਰ ਮਿਲੇਗਾ। ਸਰਕਾਰ ਨੇ ਪਾਲਿਸੀ ਬਣਾਈ ਹੈ ਜਿਵੇਂ ਅਧਿਆਪਕ ਦਾ ਰੁਤਬਾ ਵਧਦਾ ਜਾਵੇਗਾ ਤਾਂ ਉਨ੍ਹਾਂ ਦਾ ਬਦਲੀ ਉਨ੍ਹਾਂ ਦੇ ਘਰ ਦੇ ਨਜ਼ਦੀਕ ਕੀਤੀ ਜਾਂਦੀ ਰਹੇਗੀ। SYL ‘ਤੇ ਗੱਲ ਕਰਦਿਆਂ ਮਾਨ ਨੇ ਆਖਿਆ ਕਿ ਸਾਡੇ ਕੋਲ ਨਾ ਧਰਤੀ ਵਾਲਾ ਪਾਣੀ ਹੈ, ਨਾ ਦਰਿਆਵਾਂ ਵਾਲਾ ਪਾਣੀ ਹੈ ਤੇ ਅੱਖਾਂ ਵਾਲਾ ਪਾਣੀ ਵੀ ਖ਼ਤਮ ਹੋ ਗਿਆ। ਸਾਡਾ ਤਾਂ ਸਿਰਫ਼ ਨਾਂ ਹੀ ਪੰਜ-ਆਬ ਹੈ ਪਰ ਸਾਡੇ ਕੋਲ ਪੰਜ ਆਬ ਨਹੀਂ ਹਨ। ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਾਬਕਾ ਸਰਕਾਰਾਂ ਵੱਲੋਂ ਪੰਜਾਬ ਦਾ ਪੈਸਾ ਲੁੱਟਿਆ ਗਿਆ ਹੈ। ਮਾਨ ਨੇ ਭ੍ਰਿਸ਼ਟਾਚਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਭ ਦੀ ਵਾਰੀ ਆਵੇਗੀ ਸਬਰ ਰੱਖੋਂ, ਸਾਰੇ ਅੰਦਰ ਜਾਣਗੇ। ਜਿੰਨਾ ਵੀ ਪੈਸਾ ਲੁੱਟਿਆ ਗਿਆ ਹੈ , ਉਹ ਸਾਰਾ ਪੰਜਾਬ ਦੇ ਖ਼ਜ਼ਾਨੇ ‘ਚ ਜਾਵੇਗਾ ਤੇ ਇਕ-ਇਕ ਰੁਪਏ ਦਾ ਹਿਸਾਬ ਹੋਵੇਗਾ। ਸਾਨੂੰ ਪਤਾ ਹੈ ਕਿ ਪੈਸਾ ਇਨ੍ਹਾਂ ‘ਚੋਂ ਹੀ ਆਵੇਗਾ।