ਈਸਾਈ ਧਰਮ ਤੋਂ ਸਿੱਖ ਨਿਹੰਗ ਬਣਨ ਵਾਲੇ ਵਿੱਕੀ ਥਾਮਸ ਸਿੰਘ ਉੱਤੇ ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐਸ.ਐਚ.ਓ. ਮੁਖਤਿਆਰ ਸਿੰਘ ਨੇ ਦੱਸਿਆ ਕਿ ਵਿੱਕੀ ਥਾਮਸ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ 153/153ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸਾਈ ਧਰਮ ਤੋਂ ਸਿੱਖ ਧਰਮ ਵਿੱਚ ਆਏ ਅਤੇ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਸੁਰਖੀਆਂ ਵਿੱਚ ਛਾਏ ਰਹਿਣ ਵਾਲੇ ਵਿੱਕੀ ਥਾਮਸ ਬੀਤੀ 5 ਜਨਵਰੀ ਨੂੰ ਲੁਧਿਆਣਾ ਪਹੁੰਚਿਆ। ਇਸ ਦੌਰਾਨ ਉਸ ਨੇ ਬੱਸਾਂ ਦੇ ਉੱਪਰ ਜੋ ਸਿੱਖੀ ਜਾਂ ਹੋਰ ਧਰਮ ਨਾਲ ਸਬੰਧਤ ਚਿੰਨ੍ਹ ਬਣਾਏ ਹੁੰਦੇ ਹਨ, ਉਨ੍ਹਾਂ ਨੂੰ ਉਤਾਰਨ ਲਈ ਕਿਹਾ ਗਿਆ।ਵਿਕੀ ਥਾਮਸ ਨੇ ਸੀ ਕਿਹਾ ਕਿ ਬੱਸਾਂ ਦੇ ਉੱਤੇ ਇਸ ਕਦਰ ਖੰਡੇ ਬਣਾਏ ਜਾਂਦੇ ਹਨ ਅਤੇ ਲੋਕ ਜਦੋਂ ਸਫਰ ਕਰਦੇ ਹਨ, ਤਾਂ ਕਈ ਵਾਰ ਉਨ੍ਹਾਂ ਦੇ ਇਸ ਉੱਤੇ ਪੈਰ ਵੀ ਲੱਗਦੇ ਹਨ ਜਿਸ ਨਾਲ ਇਨ੍ਹਾਂ ਦੀ ਬੇਅਦਬੀ ਹੁੰਦੀ ਹੈ, ਜੋ ਕਿ ਸਹੀ ਨਹੀਂ ਹੈ। ਵਿੱਕੀ ਨੇ ਉਸ ਸਮੇਂ 3 ਦਿਨ ਦਾ ਅਲਟੀਮੇਟਮ ਦਿੰਦੇ ਹੋਇਆ ਕਿਹਾ ਸੀ ਕਿ ਜੇਕਰ ਬੱਸ ਡਰਾਈਵਰਾਂ ਨੇ ਅਜਿਹੇ ਸੱਟਿਕਰ ਨਾ ਉਤਾਰੇ, ਤਾਂ ਅਸੀਂ ਇਨ੍ਹਾਂ ਬੱਸਾਂ ਦੇ ਅਗਲੇ ਅਤੇ ਪਿਛਲੇ ਸ਼ੀਸ਼ੇ ਭੰਨ ਦੇਵਾਂਗੇ।
ਇਸ ਦੌਰਾਨ ਲੁਧਿਆਣਾ ਬੱਸ ਸਟੈਂਡ ਉੱਤੇ ਵਿੱਕੀ ਥਾਮਸ ਘੁੰਮਦਾ ਵਿਖਾਈ ਦਿੱਤਾ ਅਤੇ ਉਸ ਦੇ ਨਾਲ ਕਈ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਰਹੇ, ਜਿਨ੍ਹਾਂ ਨੇ ਉਸ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਉਸ ਦਾ ਸਾਥ ਦੇਣ ਦੀ ਵੀ ਗੱਲ ਕਹੀ ਹੈ।
ਵਿੱਕੀ ਥਾਮਸ ਸੋਸ਼ਲ ਮੀਡੀਆ ਉੱਤੇ ਮਾਰਚ 2020 ਤੋਂ ਬਾਅਦ ਸੁਰਖੀਆਂ ਵਿੱਚ ਆਉਣਾ ਸ਼ੁਰੂ ਹੋਇਆ। ਮੁੰਬਈ ਦਾ ਰਹਿਣ ਵਾਲਾ ਵਿੱਕੀ ਥਾਮਸ ਖੁਦ ਦੱਸਦਾ ਸੀ ਕਿ ਲਾਕਡਾਊਨ ਤੋਂ ਬਾਅਦ ਉਸ ਨੂੰ ਸਿਰਫ਼ ਗੁਰੂਘਰ ਤੋਂ ਹੀ ਖਾਣਾ ਮਿਲਦਾ ਸੀ। ਇਸ ਕਾਰਨ ਉਸ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ ਨੂੰ ਦੇਣ ਦਾ ਫੈਸਲਾ ਕੀਤਾ ਹੈ। ਥਾਮਸ ਉਸ ਤੋਂ ਬਾਅਦ ਤੋਂ ਹੀ ਸਿਰ ਉੱਤੇ ਦਸਤਾਰ ਸਜਾ ਕੇ ਰੱਖਦਾ ਹੈ। ਜਦੋਂ ਵੀ ਉਹ ਕੋਈ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਦਾ ਹੈ, ਤਾਂ ਜ਼ਿਆਦਾਤਰ ਗੁਰੂਘਰਾਂ ਜਾ ਵੱਡੇ ਸਿਖ ਚਿਹਰਿਆਂ ਨਾਲ ਸਬੰਧਤ ਹੁੰਦੀ ਹੈ। ਇੰਨਾ ਹੀ ਨਹੀਂ, ਵਿੱਕੀ ਸਾਲ 2021 ਵਿੱਚ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਹੋਈ ਹਿੰਸਾ ਵਿੱਚ ਵੀ ਨਜ਼ਰ ਆਇਆ ਸੀ।