ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਣ ‘ਤੇ ਬੈਂਸ ਦੇ ਸਮਰਥਕਾਂ ‘ਚ ਭਾਰੀ ਉਤਸ਼ਾਹ ਹੈ।
ਸਿਮਰਜੀਤ ਸਿੰਘ ਬੈਂਸ ਨੇ ਇਸ ਤੋਂ ਪਹਿਲਾਂ ਸੈਸ਼ਨ ਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਬੈਂਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਬੈਂਸ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਬੈਂਸ ਨੇ ਦੋ ਮਾਮਲਿਆਂ ਵਿੱਚ ਜ਼ਮਾਨਤ ਲੈ ਲਈ ਹੈ, ਜਿਸ ਵਿੱਚ ਇੱਕ ਕੇਸ 307 ਦਾ ਵੀ ਹੈ। ਚੋਣ ਹਿੰਸਾ ਦੌਰਾਨ ਬੈਂਸ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਦੀ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਨਾਲ ਲੜਾਈ ਹੋ ਗਈ ਸੀ।
ਕਾਬਲੇਗੌਰ ਹੈ ਕਿ 10 ਜੁਲਾਈ 2021 ਨੂੰ ਥਾਣਾ ਡਵੀਜ਼ਨ ਨੰਬਰ 6 ਵਿੱਚ ਬੈਂਸ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੀੜਤ ਔਰਤ ਨੇ ਸਾਬਕਾ ਵਿਧਾਇਕ ਬੈਂਸ ‘ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਬੈਂਸ ਵਿਰੁੱਧ ਧਾਰਾ 376, 354, 354-ਏ, 506 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।