ਹੋਲੇ-ਮਹੱਲੇ ਦੌਰਾਨ ਮਾਰੇ ਗਏ ਨਿਹੰਗ ਸਿੰਘ ਪ੍ਰਦੀਪ ਸਿੰਘ ਦੇ ਕਤਲਕਾਂਡ ਵਿਚ ਨਵਾਂ ਮੋੜ ਆ ਚੁੱਕਾ ਹੈ। ਪ੍ਰਦੀਪ ਸਿੰਘ ਦੇ ਕਤਲ ਦੇ ਦੋਸ਼ੀ ਠਹਿਰਾਏ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਹੁਣ ਮੀਡੀਆ ਦੇ ਸਾਹਮਣੇ ਆ ਗਏ ਹਨ। ਪਿੰਡ ਵਾਸੀਆਂ ਜਿੱਥੇ ਨੌਜਵਾਨਾਂ ‘ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ ਉੱਥੇ ਹੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕੇ ਨੇ । ਇਸ ਦੇ ਨਾਲ ਹੀ ਪੀਜੀਆਈ ‘ਚ ਜ਼ੇਰੇ ਇਲਾਜ ਦੋਸ਼ੀ ਨੌਜਵਾਨ ਦੀ ਪਤਨੀ ਨੇ ਵੀ ਵੀਡੀਓ ਸਾਂਝੀ ਕਰਦਿਆਂ ਇਨਸਾਫ ਦੀ ਗੁਹਾਰ ਲਗਾਈ ਹੈ । ਮੁਲਜ਼ਮ ਸਤਬੀਰ ਦੀ ਪਤਨੀ ਗੁਰਿੰਦਰ ਕੌਰ ਨੇ ਹੋਲੇ-ਮਹੱਲੇ ਦੌਰਾਨ ਕਤਲ ਕੀਤੇ ਗਏ ਨਿਹੰਗ ਸਿੰਘ ਪ੍ਰਦੀਪ ਸਿੰਘ ‘ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਹਮਲਾ ਉਸ ਦੇ ਪਤੀ ਸਤਬੀਰ ਨੇ ਸਗੋਂ ਨਿਹੰਗ ਸਿੰਘ ਵੱਲੋਂ ਹਮਲਾ ਸਤਬੀਰ ਸਿੰਘ ‘ਤੇ ਕੀਤਾ ਗਿਆ ਅਤੇ ਤਲਵਾਰ ਨਾਲ ਪਹਿਲਾਂ ਉਸ ਦੀ ਬਾਂਹ ਵੱਢ ਦਿੱਤੀ ਤੇ ਫਿਰ ਸਤਬੀਰ ਦਾ ਹੱਥ ਵੱਢਿਆ ਗਿਆ। ਉਸ ਦਾ ਕਹਿਣਾ ਹੈ ਕਿ ਜੇਕਰ ਸਤਬੀਰ ਦਾ ਹੱਥ ਹੀ ਵੱਢ ਦਿੱਤਾ ਗਿਆ ਤਾਂ ਉਹ ਉਸ ਦਾ ਕਤਲ ਕਿਵੇਂ ਕਰ ਸਕਦਾ ਹੈ? ਪਤਨੀ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਾਨੂੰ ਵੀ ਦੁੱਖ਼ ਹੈ ਕਿ ਨਿਹੰਗ ਸਿੰਘ ਦੀ ਮੌਤ ਹੋ ਗਈ ਹੈ ਪਰ ਇਸ ਮਾਮਲੇ ਵਿਚ ਇੱਕ ਪੱਖ ਵੱਲ ਹੀ ਸੁਣਵਾਈ ਨਾ ਕੀਤੀ ਜਾਵੇ।
ਉਹਨਾਂ ਕਿਹਾ ਕਿ ਸਤਬੀਰ ਦੇ ਦੋਵੇਂ ਹੱਥ ਨਿਹੰਗ ਸਿੰਘ ਵੱਲੋਂ ਵੱਢ ਦਿੱਤੇ ਗਏ ਅਤੇ ਫਿਰ ਉਸ ਨੇ ਸਤਬੀਰ ਨੂੰ ਜੱਫੀ ਵੀ ਪਾਈ। ਬਿਨਾਂ ਜਾਂਚ ਦੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਪਤਨੀ ਨੇ ਕਿਹਾ ਕਿ ਅਸੀਂ ਗਰੀਬ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਸੁਣੇ ਨਾ, ਅਸੀਂ ਵੀ ਗੁਰੂ ਘਰ ਸੇਵਾ ਕਰਨ ਜਾਂਦੇ ਹਾਂ, ਸਾਡੀ ਵੀ ਸੁਣੀ ਜਾਵੇ। ਗੁਰਿੰਦਰ ਕੌਰ ਨੇ ਕਿਹਾ ਕਿ ਜੇਕਰ ਸਤਬੀਰ ਦੇ ਹੱਥ ਹੀ ਵੱਢ ਦਿੱਤੇ ਗਏ ਸਨ ਤਾਂ ਉਹ ਕਾਤਲ ਕਿਵੇਂ ਹੋ ਸਕਦਾ ਹੈ? ਸਾਡੀ ਗੱਲ ਵੀ ਸੁਣੀ ਜਾਵੇ। ਉਥੇ ਹੀ ਪਿੰਡ ਵਾਲਿਆਂ ਨੇ ਵੀ ਆਪਣਾ ਪੱਖ ਰੱਖਿਆ ਹੈ। ਉਥੇ ਹੀ ਪਿੰਡ ਨਲਹੋਟੀ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਮੁੰਡਿਆਂ ਨੇ ਕੁਝ ਨਹੀਂ ਕੀਤਾ।
ਉਥੇ ਹੀ ਦੂਜੇ ਪਾਸੇ ਪਿੰਡ ਗਾਜੀਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਕਤਲ ਕੀਤੇ ਪ੍ਰਦੀਪ ਸਿੰਘ ਦਾ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰ ਦਿੱਤਾ ਹੈ। ਜਿਵੇਂ ਹੀ ਉਸ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਛਾ ਗਈ। ਇਸ ਦੌਰਾਨ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਮਜੀਠਿਆ ਸਣੇ ਕਈ ਹੋਰ ਆਗੂ ਵੀ ਪ੍ਰਦੀਪ ਸਿੰਘ ਦੇ ਪਰਿਵਾਰ ਦਾ ਦੁੱਖ ਵੰਡਾਉਣ ਉਨ੍ਹਾਂ ਘਰ ਪਹੁੰਚੇ ।