ਹਾਲ ਹੀ ਪੰਜਾਬ ਸੂਬੇ ‘ਚ ਵਿਵਾਦ ਦਾ ਕਾਰਨ ਬਣੇ ਮੁਖਤਾਰ ਅੰਸਾਰੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦਰਅਸਲ, ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੇ ਕਤਲ ਮਾਮਲੇ ਵਿਚ ਅੱਜ ਗਾਜ਼ੀਪੁਰ ਦੀ ਸਾਂਸਦ-ਵਿਧਾਇਕ ਅਦਾਲਤ ਨੇ ਤਕਰੀਬਨ 14-16 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ ਸੁਣਾਈ । ਇਸ ਦੇ ਨਾਲ ਹੀ ਅਦਾਲਤ ਨੇ ਅੰਸਾਰੀ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਸ ਮਾਮਲੇ ਵਿੱਚ ਬਸਪਾ ਦੇ ਮੌਜੂਦਾ ਸੰਸਦ ਮੈਂਬਰ ਅਤੇ ਮੁਖਤਾਰ ਅੰਸਾਰੀ ਦਾ ਭਰਾ ਵੀ ਗੈਂਗਸਟਰ ਐਕਟ ਦੇ ਅਧੀਨ ਹੈ।
ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਵਿਰੁੱਧ ਇਹ ਕੇਸ ਮਰਹੂਮ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਅਤੇ ਨੰਦਕਿਸ਼ੋਰ ਗੁਪਤਾ ਦੇ ਕਤਲ ਦੇ ਸਬੰਧ ਵਿੱਚ ਦਰਜ ਕੀਤੇ ਗਏ ਸਨ। ਮੁਖਤਾਰ ਅਤੇ ਅਫਜ਼ਾਜ਼ ਅੰਸਾਰੀ ਖਿਲਾਫ ਮੁਹੰਮਦਾਬਾਦ ਪੁਲਿਸ ਸਟੇਸ਼ਨ ‘ਚ 2007 ‘ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਦੌਰਾਨ ਮੁਖਤਾਰ ਅੰਸਾਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਬਾਂਦਾ ਜੇਲ੍ਹ ਨਾਲ ਜੋੜਿਆ ਗਿਆ ਸੀ।ਸਾਲ 2005 ਵਿੱਚ ਮੁਹੰਮਦਾਬਾਦ ਵਿੱਚ ਬਸਨੀਆ ਚੱਟੀ ਨੇੜੇ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਕਰ ਦਿੱਤੀ ਗਈ ਸੀ।
ਤੁਹਾਨੂੰ ਦੱਸ ਦਈਏ ਕਿ ਮੁਖਤਾਰ ਅੰਸਾਰੀ ਇਸ ਸਮੇਂ ਯੂਪੀ ਦੀ ਬਾਂਦਾ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਹੀ ਅਦਾਲਤ ਨੇ ਇਸ ਮਾਮਲੇ ‘ਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਪਰ ਹੁਣ ਸ਼ਨੀਵਾਰ ਨੂੰ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਗਾਜ਼ੀਪੁਰ ਦੀ ਅਦਾਲਤ ਦੇ ਬਾਹਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਮੁਖਤਾਰ ਅੰਸਾਰੀ ਕਈ ਵਾਰ ਮਊ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ।