ਪੰਜਾਬ ਦੇ ਸਰਕਾਰੀ ਮੁਲਾਜ਼ਮ ਸਰਕਾਰ ਦੇ ਹੁਕਮਾਂ ਦੀ ਕਿੰਨੀ ਕੁ ਪਾਲਣਾ ਕਰ ਰਹੇ ਹਨ ਇਸ ਨੂੰ ਵੇਖਣ ਅਤੇ ਜਾਂਚ-ਪੜਤਾਲ ਕਰਨ ਲਈ ਪੰਜਾਬ ਦੇ ਮੰਤਰੀਆਂ ਵਲੋਂ ਲਗਾਤਾਰ ਦਫ਼ਤਰਾਂ ‘ਚ ਅਚਨਚੇਤ ਪਹੁੰਚਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਸਦਕਾ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੰਗਰੂਰ ਦੇ ਬਿਜਲੀ ਦਫ਼ਤਰ ਵਿਖੇ ਚੈਕਿੰਗ ਕੀਤੀ ਅਤੇ ਉਹਨਾਂ ਨੇ ਅਧਿਕਾਰੀਆਂ ਦੇ ਕੰਮ-ਕਾਜ ਦੀ ਸਾਰੀ ਜਾਣਕਾਰੀ ਵੀ ਹਾਸਲ ਕੀਤੀ।
ਉਧਰ ਦੂਜੇ ਪਾਸੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਐਕਸ਼ਨ ਮੋਡ ‘ਚ ਨਜ਼ਰ ਆਏ ਜਦੋਂ ਉਹਨਾਂ ਵੱਲੋਂ ਮੋਹਾਲੀ ਦੇ ਬਾਗਵਾਨੀ ਦਫ਼ਤਰ ਵਿਖੇ ਸਵੇਰੇ 7.30 ਵਜੇ ਅਚਨਚੇਤ ਛਾਪਾ ਮਾਰਿਆ ਗਿਆ। ਇਸ ਮੌਕੇ ਉਹਨਾਂ ਨੇ ਅਧਿਕਾਰੀਆਂ ਦਾ ਹਾਜ਼ਰੀ ਰਜਿੱਸਟਰ ਵੀ ਚੈੱਕ ਕੀਤਾ। ਟਵੀਟ ਕਰਦਿਆਂ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਸਮੇਂ ਦਾ ਪਾਬੰਦ ਰਹਿਣ ਲਈ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਦੀ ਬਚਤ ਕਰਨ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਕੇ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਹੈ। ਨਾਲ ਹੀ ਉਹਨਾਂ ਨੇ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਅਧਿਕਾਰੀ ਸਮੇਂ ਸਿਰ ਆਪਣੇ ਦਫ਼ਤਰਾਂ ‘ਚ ਪਹੁੰਚਣ ਅਤੇ ਕੰਮ ਕਰਵਾਉਣ ਲਈ ਆਉਣ ਵਾਲੀ ਜਨਤਾ ਦੀ ਹਰ ਮੁਸ਼ਕਿਲ ਦਾ ਹੱਲ ਕੀਤਾ ਜਾਵੇ।