ਲੰਘੇ ਸ਼ੁੱਕਰਵਾਰ ਨੂੰ ਓਡੀਸਾ ਦੇ ਬਾਲਾਸੋਰ ‘ਚ ਵਾਪਰੇ ਰੇਲ ਹਾਦਸੇ ਤੋਂ 51 ਘੰਟੇ ਬਾਅਦ ਰੇਲ ਗੱਡੀਆਂ ਮੁੜ ਤੋਂ ਟ੍ਰੈਕ ‘ਤੇ ਚੱਲਣ ਲੱਗ ਪਈਆ ਹਨ। ਰੇਲ ਗੱਡੀਆਂ ਮੁੜ ਤੋਂ ਸ਼ੁਰੂ ਹੋਈ ਰੇਲ ਆਵਾਜਾਈ ਦੌਰਾਨ ਦੇਸ਼ ਦੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੌਜੂਦ ਸਨ ਅਤੇ ਰੇਲ ਮੰਤਰੀ ਨੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਤੋਂ ਪਹਿਲਾਂ ਰੇਲਵੇ ਨੇ ਐਤਵਾਰ ਨੂੰ ਸਪੱਸ਼ਟ ਤੌਰ ‘ਤੇ ਡਰਾਈਵਰ ਦੀ ਗਲਤੀ ਅਤੇ ਸਿਸਟਮ ‘ਚ ਖਰਾਬੀ ਤੋਂ ਇਨਕਾਰ ਕੀਤਾ ਤੇ ਸੰਕੇਤ ਦਿੱਤਾ ਕਿ ਓਡਿਸ਼ਾ ‘ਚ ਰੇਲ ਹਾਦਸੇ ਦੇ ਪਿੱਛੇ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਨਾਲ ਸੰਭਾਵੀ ਤੋੜ-ਫੋੜ ਅਤੇ ਛੇੜਛਾੜ ਹੋ ਸਕਦੀ ਹੈ। ਇਸ ਹਾਦਸੇ ‘ਚ ਘੱਟੋ-ਘੱਟ 288 ਲੋਕਾਂ ਦੀ ਮੌਤ ਹੋ ਗਈ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਾਦਸੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ।
ਰੇਲ ਮੰਤਰੀ ਨੇ ਕਿਹਾ ਕਿ ਹਾਦਸੇ ਦੇ ਮੂਲ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਬਾਲਾਸੋਰ ਜ਼ਿਲ੍ਹੇ ਵਿੱਚ ਹਾਦਸੇ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ ਅਤੇ ਪੁਆਇੰਟ ਮਸ਼ੀਨ ਵਿੱਚ ਕੀਤੇ ਬਦਲਾਅ ਕਾਰਨ ਵਾਪਰਿਆ ਹੈ। ਇਸ ਨੂੰ ਫੇਲ੍ਹ ਸੇਫ ਸਿਸਟਮ ਕਿਹਾ ਜਾਂਦਾ ਹੈ, ਇਸ ਲਈ ਇਸ ਦਾ ਮਤਲਬ ਹੈ ਕਿ ਜੇਕਰ ਇਹ ਫੇਲ੍ਹ ਹੋ ਜਾਂਦਾ ਹੈ ਤਾਂ ਸਾਰੇ ਸਿਗਨਲ ਲਾਲ ਹੋ ਜਾਣਗੇ ਅਤੇ ਸਾਰੀਆਂ ਟ੍ਰੇਨਾਂ ਚੱਲਣੀਆਂ ਬੰਦ ਹੋ ਜਾਣਗੀਆਂ। ਮੰਤਰੀ ਨੇ ਕਿਹਾ ਕਿ ਸਿਗਨਲ ਸਿਸਟਮ ਵਿੱਚ ਸਮੱਸਿਆ ਸੀ। ਇਹ ਹੋ ਸਕਦਾ ਹੈ ਕਿ ਕਿਸੇ ਨੇ ਕੇਬਲ ਦੇਖੇ ਬਿਨਾਂ ਕੁਝ ਖੁਦਾਈ ਕੀਤੀ ਹੋਵੇ।