ਮਲੇਸ਼ੀਆ ਦੇ ਨਾਗਰਿਕ ਅਤੇ ਪ੍ਰਸਿੱਧ ਭਰਤਨਾਟਿਅਮ ਕਲਾਕਾਰ ਸ੍ਰੀ ਗਣੇਸ਼ਨ ਸ਼ੁਕਰਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ‘ਚ ਇਕ ਪ੍ਰੋਗਰਾਮ ਦੌਰਾਨ ਸਟੇਜ ‘ਤੇ ਡਿੱਗ ਪਏ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦਸ ਦਈਏ ਕਿ ਗਣੇਸ਼ਨ, ਜੋ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਸ੍ਰੀ ਗਣੇਸ਼ਲਿਆ ਦੇ ਨਿਰਦੇਸ਼ਕ ਵੀ ਹਨ, ਇੱਕ ਸੱਭਿਆਚਾਰਕ ਸਮੂਹ ਤੋਂ ਪੁਰਸਕਾਰ ਲੈਣ ਲਈ ਭੰਜਾ ਕਲਾ ਮੰਡਪ ਵਿੱਚ ਆਯੋਜਿਤ ਤਿੰਨ-ਰੋਜ਼ਾ ਦੇਵਦਾਸੀ ਨ੍ਰਿਤ ਉਤਸਵ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ।
ਮੁਲੀ ਜਾਣਕਾਰੀ ਮੁਤਾਬਕ 3 ਦਿਨ ਤੱਕ ਚੱਲੇ ਇਸ ਪ੍ਰੋਗਰਾਮ ਦੇ ਆਖਰੀ ਦਿਨ ਉਹ ਸਟੇਜ ‘ਤੇ ਦੀਵੇ ਜਗਾਉਣ ਲਈ ਸਟੇਜ ‘ਤੇ ਚੜ੍ਹੇ। ਇਸ ਦੌਰਾਨ ਉਹ ਸਟੇਜ ‘ਤੇ ਡਿੱਗ ਪਏ। ਸਟੇਜ ‘ਤੇ ਮੌਜੂਦ ਮਹਿਮਾਨ ਅਤੇ ਭਰਤਨਾਟਿਅਮ ਕਲਾਕਾਰਾਂ ਨੇ ਉਨ੍ਹਾਂ ਨੂੰ ਚੁੱਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਾ ਉਠੇ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੋਅ ਦੇ ਆਯੋਜਕ ਜਗਬੰਧੂ ਜੇਨਾ ਨੇ ਕਿਹਾ, “ਇਹ ਜੈਦੇਵ ਸਮਾਰੋਹ ਦੀ ਆਖਰੀ ਸ਼ਾਮ ਸੀ। ਮਲੇਸ਼ੀਆ ਤੋਂ ਇੱਕ ਪ੍ਰਸਿੱਧ ਭਰਤਨਾਟਿਅਮ ਮਾਸਟਰ, ਸ਼੍ਰੀ ਗਣੇਸ਼ਨ ਇਸ ਸਮਾਗਮ ਵਿੱਚ ਪਹੁੰਚੇ ਸਨ। ਉਹ ਦੀਵਾ ਜਗਾਉਣ ਲਈ ਸਟੇਜ ‘ਤੇ ਆਏ ਅਤੇ ਉਥੇ ਹੀ ਡਿੱਗ ਪਏ। ਫਿਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸ਼੍ਰੀ ਗਣੇਸ਼ਨ ਦੀ ਉਮਰ ਲਗਭਗ 60 ਸਾਲ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਧੇ ਕੈਪੀਟਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੈਪੀਟਲ ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ, “ਉਨ੍ਹਾਂ (ਗਣੇਸ਼) ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋ ਸਕਦੀ ਹੈ। ਉਨ੍ਹਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ।”