ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਇਸ ਸਾਲ ਆਪਣਾ ਦੂਜਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਲੁਸਾਨੇ ਡਾਇਮੰਡ ਲੀਗ 2023 ਜਿੱਤੀ ਅਤੇ ਗੋਲਡ ਮੈਡਲ ਹਾਸਲ ਕੀਤਾ। ਨੀਰਜ ਚੋਪੜਾ ਨੇ 87.66 ਮੀਟਰ ਜੈਵਲਿਨ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਸੱਟ ਤੋਂ ਵਾਪਸੀ ਕਰਦੇ ਹੋਏ ਨੀਰਜ ਚੋਪੜਾ ਨੇ ਆਪਣੀ ਦੂਜੀ ਡਾਇਮੰਡ ਲੀਗ ਜਿੱਤੀ।
ਜ਼ਿਕਰਯੋਗ ਹੈ ਕਿ ਮਾਸਪੇਸ਼ੀਆਂ ਦੇ ਖਿਚਾਅ ਤੋਂ ਉਭਰਨ ਤੋਂ ਬਾਅਦ ਨੀਰਜ ਚੋਪੜਾ ਨੇ ਰਿਕਾਰਡ ਬਣਾਇਆ ਹੈ। ਉਹਨਾਂ ਨੇ ਲੁਸਾਨੇ ਡਾਇਮੰਡ ਲੀਗ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਨੀਰਜ ਨੇ 87.66 ਮੀਟਰ ਦੀ ਥਰੋਅ ਨਾਲ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਨਾਲ ਦੂਜੇ ਸਥਾਨ ‘ਤੇ ਰਿਹਾ। ਚੈੱਕ ਗਣਰਾਜ ਦੇ ਜੈਕਬ ਵਡਲੇਜਚੇ 86.13 ਮੀਟਰ ਥਰੋਅ ਨਾਲ ਤੀਜੇ ਸਥਾਨ ‘ਤੇ ਰਹੇ। ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਮੈਚ ਦੌਰਾਨ ਛੇ ਵਾਰ ਜੈਵਲਿਨ ਸੁੱਟਿਆ। ਉਹ ਆਪਣੀ ਪਹਿਲੀ ਅਤੇ ਚੌਥੀ ਕੋਸ਼ਿਸ਼ ਵਿੱਚ ਕਮਜ਼ੋਰ ਹੋ ਗਿਆ, ਪਰ ਪੰਜਵੀਂ ਕੋਸ਼ਿਸ਼ ਵਿੱਚ ਉਹਨਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ। ਦੱਸ ਦੇਈਏ ਕਿ ਭਾਰਤੀ ਜੈਵਲਿਨ ਸਟਾਰ ਨੀਰਜ ਦਾ ਇਸ ਸਾਲ ਵਿੱਚ ਇਹ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਨੀਰਜ ਨੇ ‘ਦੋਹਾ ਡਾਇਮੰਡ ਲੀਗ’ ‘ਚ ਵੀ ਗੋਲਡ ਮੈਡਲ ਜਿੱਤਿਆ ਸੀ।
ਇਸ ਸ਼ਾਨਦਾਰ ਜਿੱਤ ਤੋਂ ਬਾਅਦ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਅਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਰੀਜ ਚੋਪੜਾ ਨੂੰ ਵਧਾਈ ਦਿੱਤੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਰੀਜ ਚੋਪੜਾ ਨੂੰ ਟਵੀਟ ਕਰ ਕੇ ਵਧਾਈ ਦਿੱਤੀ ਹੈ।