ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਐਲਾਨ ਮੁਤਾਬਕ ਅੱਜ ਯਾਨੀ 24 ਜੁਲਾਈ ਤੋਂ SGPC ਦਾ ਵੈੱਬ ਚੈਨਲ ਸ਼ੁਰੂ ਹੋ ਚੁੱਕਾ ਹੈ। ਵੈੱਬ ਚੈਨਲ ਦਾ ਨਾਮ ‘SGPC, Sri Amritsar’ ਰੱਖਿਆ ਗਿਆ ਹੈ ਜਿਸ ‘ਤੇ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੁੰਦੇ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਕੀਤਾ ਗਿਆ।
ਹਾਲਾਂਕਿ, ਸ਼੍ਰੋਮਣੀ ਕਮੇਟੀ ਅਜੇ ਆਪਣਾ ਸੈਟੇਲਾਈਟ ਚੈਨਲ ਨਹੀਂ ਬਣਾ ਪਾਈ ਅਤੇ ਇਸਦੀ ਤਿਆਰੀਆਂ ਵਿੱਢੀਆਂ ਹੋਈਆਂ ਹਨ ਇਸ ਲਈ ਜਿਸ ਸੈਟੇਲਾਈਟ ਚੈਨਲ ‘ਤੇ ਪਹਿਲਾਂ ਤੋਂ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹੁੰਦੇ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਚੱਲਦਾ ਸੀ ਉਹ ਉਨਾਂ ਚਿਰ ਉਸੇ ਚੈਨਲ ‘ਤੇ ਚੱਲਦਾ ਰਹੇਗਾ ਜਿੰਨਾਂ ਸਮਾਂ SGPC ਆਪਣਾ ਸੈਟੇਲਾਈਟ ਚੈਨਲ ਨਹੀਂ ਬਣਾ ਲੈਂਦੀ। ਦਸ ਦਈਏ ਕਿ ਗੁਰਬਾਣੀ ਦਾ ਪ੍ਰਸਾਰਣ ਤਿੰਨ ਸਮੇਂ ਕੀਤੇ ਜਾਵੇਗਾ। ਸਵੇਰੇ: 03.30 ਤੋਂ 08.30 ਵਜੇ, ਦੁਪਹਿਰ: 12.30 ਤੋਂ 02.30 ਵਜੇ ਅਤੇ ਸੰਧਿਆ ਵੇਲੇ: 06.30 ਤੋਂ 08.30 ਵਜੇ ਗੁਰਬਾਣੀ ਦਾ ਲਾਈਵ ਪ੍ਰਸਾਰਣ ਹੋਵੇਗਾ।
ਚੈਨਲ ਦੀ ਸ਼ੁਰੂਆਤ ਗੁਰਮਤਿ ਰਵਾਇਤ ਅਨੁਸਾਰ ਅਖੰਡ ਪਾਠ ਦਾ ਭੋਗ ਪਾ ਕੇ ਕੀਤੀ ਗਈ। ਇਸ ਮਗਰੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ’ਚ ਵਿਸ਼ੇਸ਼ ਸਮਾਗਮ ਕੀਤਾ ਗਿਆ। ਸ਼ੋਮਣੀ ਕਮੇਟੀ ਦੇ ਪ੍ਰਧਾਨ ਨੇ ਵੈੱਬ ਚੈਨਲ ਦੀ ਆਰੰਭਤਾ ਮੌਕੇ ਸੰਗਤ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਲਦੀ ਹੀ ਸੈਟੇਲਾਈਟ ਚੈਨਲ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹੀ ਰਹਿਣਗੇ ਅਤੇ ਹੋਰ ਕੋਈ ਚੈਨਲ ਇਸ ਨੂੰ ਨਹੀਂ ਚਲਾ ਸਕੇਗਾ।