ਜੂਨ ਦਾ ਮਹੀਨਾ ਇਕ ਵਾਰ ਫੇਰ ਸਿੱਖਾਂ ਦੇ ਜ਼ਖ਼ਮਾਂ ਨੂੰ ਹਰਾ ਕਰ ਦਿੰਦਾ ਹੈ। ਇਕ ਜੂਨ ਤੋਂ ਲੈਕੇ ਛੇ ਜੂਨ ਤੱਕ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਸਦੇ ਸਬੰਧ ਵਿਚ ਪੁਲਿਸ ਵੀ ਸੂਬੇ ‘ਚ ਤਾਇਨਾਤ ਕਰ ਦਿੱਤੀ ਗਈ ਹੈ। ਉਥੇ ਹੀ ਹੁਣ ਦਿਵਸ ‘ਤੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੀ ਘੱਲੂਘਾਰਾ ਦਿਵਸ ਨੂੰ ਲੈਕੇ ਬਿਆਨ ਦਿੱਤਾ ਹੈ। ਉਹਨਾਂ ਨੇ ਪੋਸਟ ਸਾਂਝੀ ਕਰਦਿਆਂ ਆਪਣੇ ਸ਼ਬਦਾਂ ਵਿਚ 2 ਜੂਨ 1984 ਨੂੰ ਪੈਦਾ ਹੋਏ ਮਾਹੌਲ ਨੂੰ ਬਿਆਨ ਕੀਤਾ ਅਤੇ ਅਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ‘ਤੇ ਨਿਸ਼ਾਨੇ ਸਾਧੇ ਕਿਉਂਕਿ 1984 ‘ਚ ਜਦੋਂ ਇਹ ਦੁਖਾਂਤ ਵਾਪਰਿਆ ਸੀ ਤਾਂ ਉਸ ਸਮੇਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਦਾ ਰਾਜ ਸੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2 ਜੂਨ 1984 ਨੂੰ ਇੰਦਰਾ ਗਾਂਧੀ ਨੇ ਪੂਰਾ ਪੰਜਾਬ ਫੌਜ ਹਵਾਲੇ ਕਰ ਕਰਫਿਓ ਲਗਾ ਦਿੱਤਾ, ਪੰਜਾਬ ਵਿੱਚ ਬਾਹਰ ਆਉਣ- ਜਾਣ ‘ਤੇ ਮੁਕੰਮਲ ਰੋਕ ਲਗਾ ਦਿੱਤੀ ਗਈ। ਪੰਜਾਬ ਨੂੰ ਬਾਕੀ ਦੇਸ਼-ਦੁਨੀਆਂ ਨਾਲੋਂ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ। ਫੌਜਾਂ ਨੇ ਬਾਕੀ ਸੂਬਿਆਂ ਨਾਲ ਲੱਗਦੀ ਪੰਜਾਬ ਦੀ ਹਰ ਸਰਹੱਦ ਨੂੰ ਸੀਲ ਕਰ ਦਿੱਤਾ ਤੇ ਵਿਦੇਸ਼ੀ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਜਾਂ ਬਾਹਰ ਕੱਢ ਕੇ ਮੀਡੀਆ ਬਲੈਕਆਊਟ ਲਗਾ ਦਿੱਤਾ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਾਕੀ ਬਚਿਆ ਇਕੱਲਾ ਵਿਦੇਸ਼ੀ ਪੱਤਰਕਾਰ ਐਸੋਸੀਏਟਡ ਪ੍ਰੈੱਸ ਦਾ ਬ੍ਰਹਮਾ ਚੇਲਾਨੀ ਸੀ ਤੇ ਜਿਸ ਦੀਆਂ ਰਿਪੋਰਟਾਂ ਨੇ ਦੁਨੀਆ ਨੂੰ ਭਾਰਤੀ ਫੌਜ ਦੁਆਰਾ ਹਮਲੇ ਦੌਰਾਨ ਕੀਤੀਆਂ ਗਈਆਂ ਵਧੀਕੀਆਂ ਬਾਰੇ ਸੁਚੇਤ ਕੀਤਾ ਸੀ। ਭਾਰਤ ਸਰਕਾਰ ਨੇ ਕਿਸੇ ਵੀ ਸੰਚਾਰ ਦੀ ਸੰਭਾਵਨਾ ਨੂੰ ਘਟਾਉਣ ਲਈ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਹੋਰ ਮਹੱਤਵਪੂਰਨ ਸਥਾਨਾਂ ਸਮੇਤ ਪ੍ਰਮੁੱਖ ਸ਼ਹਿਰਾਂ ਵਿੱਚ ਬਿਜਲੀ ਬੰਦ ਕਰਨ ਦੇ ਆਦੇਸ਼ ਦਿੱਤੇ ਸਨ।
ਦਰਅਸਲ, ‘ਆਪਰੇਸ਼ਨ ਬਲੂ ਸਟਾਰ’ ਭਾਵੇਂ 6 ਜੂਨ 1984 ਨੂੰ ਹੋਇਆ ਸੀ ਪਰ ਇਸ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ। 1 ਜੂਨ ਨੂੰ ਹੋਈ ਗੋਲੀਬਾਰੀ ਮਗਰੋਂ ਅਗਲੀ ਸਵੇਰ ਯਾਨੀ 2 ਜੂਨ ਨੂੰ ਸਿੱਖ ਸੰਗਤਾਂ ਵਹੀਰਾਂ ਘੱਤ ਕੇ ਸ੍ਰੀ ਦਰਬਾਰ ਸਾਹਿਬ ਵੱਲ ਤੁਰ ਪਈਆਂ ਕਿ ਸੀਆਰਪੀਐਫ ਨੇ ਸ੍ਰੀ ਦਰਬਾਰ ਸਾਹਿਬ ਵੱਲ ਗੋਲੀ ਚਲਾਈ ਹੈ। ਸਰਕਾਰ ਨੇ ਸਾਰੀਆਂ ਅਖ਼ਬਾਰਾਂ ਬੰਦ ਕਰ ਦਿੱਤੀਆਂ ਕਿਉਂਕਿ ਭਾਰਤ ਸਰਕਾਰ ਚਾਹੁੰਦੀ ਸੀ ਕਿ ਉਸ ਦੇ ਇਸ ਦੀ ਰਿਪੋਰਟ ਕਿਸੇ ਤੱਕ ਨਾ ਪੁੱਜੇ। ਇਸ ਲਈ ਅੰਮ੍ਰਿਤਸਰ ਵਿੱਚ ਤਾਇਨਾਤ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਵਿੱਚੋਂ ਬਾਹਰ ਚਲੇ ਜਾਣ ਦੇ ਫ਼ਰਮਾਨ ਜਾਰੀ ਕਰ ਦਿੱਤੇ ਗਏ।
ਦੱਸ ਦੇਈਏ ਕਿ ਉਸ ਸਮੇਂ ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ ‘ਆਪਰੇਸ਼ਨ ਬਲੂ ਸਟਾਰ’ ਵਜੋਂ ਜਾਣਿਆ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ਕੱਢਣ ਲਈ ਕੀਤਾ ਗਿਆ ਸੀ।