2015 ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਬਾਦਲ ਪਿਓ-ਪੁੱਤ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਬੇਸ਼ੱਕ ਦੋਵਾਂ ਨੂੰ ਅਗਾਊਂ ਜ਼ਮਾਨਤ ਅਰਜ਼ੀ ਮਿਲ ਚੁੱਕੀ ਹੈ ਪਰ ਕੋਟਕਪੂਰਾ ਗੋਲੀ ਕਾਂਡ ਦੀ ਕਥਿਤ ਸਾਜ਼ਿਸ਼ ਰਚਣ ਦਾ ਦੋਸ਼ ਲੱਗਣ ਤੋਂ ਬਾਅਦ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀਰਵਾਰ 23 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਵਾਸਤੇ ਸੰਮਨ ਜਾਰੀ ਕੀਤੇ ਸਨ। ਜਾਂਚ ਟੀਮ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਅਦਾਲਤ ਦੇ ਸੰਮਨ ਪ੍ਰਾਪਤ ਕਰ ਲਏ ਹਨ। ਅੱਜ ਇਹਨਾਂ ਦੋਵਾਂ ਦੀ ਫਰੀਦਕੋਟ ਅਦਾਲਤ ਵਿਚ ਪਹਿਲੀ ਪੇਸ਼ੀ ਹੋਣੇਗੀ। ਦੱਸ ਦਈਏ ਕਿ ਇਨ੍ਹਾਂ ਕੇਸਾਂ ਵਿੱਚ ਸਾਬਕਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਅਗਾਊਂ ਜ਼ਮਾਨਤ ਵੀ ਮਿਲ ਚੁੱਕੀ ਹੈ। ਇਸੇ ਦੌਰਾਨ ਇਹ ਵੀ ਜਾਣਕਾਰੀ ਹੈ ਕਿ ਬਾਦਲਾਂ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਅਕਾਲੀ ਦਲ ਦੇ ਸਮਰਥਕਾਂ ਦਾ ਵੱਡਾ ਇਕੱਠ ਹੋ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਅਕਾਲੀ ਆਗੂ ਤੇ ਵਰਕਰ ਨੂੰ ਅਦਾਲਤਾਂ ਵਿੱਚ ਪੁੱਜਣ ਲਈ ਵੱਟਸਐਪ ’ਤੇ ਸੁਨੇਹੇ ਭੇਜੇ ਗਏ ਹਨ ਤੇ ਸੰਭਾਵੀ ਇਕੱਠ ਨੂੰ ਦੇਖਦਿਆਂ ਕੁਝ ਅਕਾਲੀ ਆਗੂਆਂ ਨੇ ਅਦਾਲਤਾਂ ਦੇ ਬਾਹਰਵਾਰ ਇਕੱਠੇ ਹੋਣ ਵਾਲੀ ਥਾਂ ਦਾ ਮੁਆਇਨਾ ਵੀ ਕੀਤਾ। ਸੂਤਰਾਂ ਅਨੁਸਾਰ ਅਕਾਲੀ ਦਲ ਅਦਾਲਤ ਦੇ ਬਾਹਰ ਵੱਡਾ ਇਕੱਠ ਕਰੇਗਾ। ਇਸੇ ਤਰ੍ਹਾਂ ਬਹਿਬਲ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਕੁਝ ਆਗੂਆਂ ਤੇ ਸਿੱਖ ਸੰਗਤਾਂ ਦੇ ਵੀ ਅਦਾਲਤ ਵਿੱਚ ਪੁੱਜਣ ਦੀ ਸੰਭਾਵਨਾ ਹੈ। ਦੋਵੇਂ ਧਿਰਾਂ ਦੇ ਅਦਾਲਤ ਵਿੱਚ ਪੁੱਜਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਚੌਕਸ ਹੋ ਗਈ ਹੈ ਤੇ ਪੁਲਿਸ ਮੁਖੀ ਹਰਜੀਤ ਸਿੰਘ ਨੇ ਬੁੱਧਵਾਰ ਖੁਦ ਅਦਾਲਤੀ ਕੰਪਲੈਕਸ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ।