ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ 2015 ਤੋਂ ਮਰਨ ਵਰਤ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੇ ਅੱਜ ਲੁਧਿਆਣਾ ਦੇ ਨਿੱਜੀ ਹਸਪਤਾਲ ‘ਚ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਲੰਬੇ ਸਮੇਂ ਤੋਂ ਬਾਪੂ ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਉਤੇ ਸਨ ਜਿਸ ਨੂੰ ਅੱਜ ਗੁਰਦੀਪ ਸਿੰਘ ਬਠਿੰਡਾ ਅਤੇ ਗੁਰਚਰਨ ਸਿੰਘ ਵੱਲੋਂ ਖ਼ਤਮ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਹੜਤਾਲ ਖ਼ਤਮ ਕਰਵਾ ਕੇ ਉਨ੍ਹਾਂ ਨੂੰ ਹੁਣ ਚੰਡੀਗੜ੍ਹ ਦੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਗਏ ਪੱਕੇ ਮੋਰਚੇ ਦੇ ਵਿੱਚ ਹਿੱਸਾ ਲੈਣ ਲਈ ਅਰਜ਼ੋਈ ਕੀਤੀ ਗਈ ਹੈ। ਲੁਧਿਆਣਾ ਵਿੱਚ ਨਿੱਜੀ ਹਸਪਤਾਲ ਵਿਚ ਦਾਖਲ ਬਾਪੂ ਸੂਰਤ ਸਿੰਘ ਖਾਲਸਾ ਨੇ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਹਾਸਲ ਹੋਈ ਜਾਣਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਹੁਣ ਬਾਪੂ ਸੂਰਤ ਸਿੰਘ ਖਾਲਸਾ ਜਲਦ ਹੀ ਚੰਡੀਗੜ੍ਹ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਣਗੇ।
ਦਸ ਦਈਏ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਮੁੱਖ ਮੰਗ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ। ਜਿਸ ਲਈ ਉਹ ਸਰਕਾਰਾਂ ਦੇ ਖਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਨ। 16 ਜਨਵਰੀ 2015 ਦੇ ਵਿਚ ਜਦੋਂ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਸੀ। ਉਸ ਵੇਲੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਉਤੇ ਚਲੇ ਗਏ ਸਨ। ਬਾਪੂ ਸੂਰਤ ਸਿੰਘ ਖਾਲਸਾ ਦੀ ਮੰਗ ਸੀ ਕਿ ਜਿਹੜੇ ਸਿੱਖ ਕੈਦੀ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਸਰਕਾਰਾਂ ਦੇ ਦਬਾਅ ਦੇ ਚਲਦਿਆਂ ਰਿਹਾਅ ਨਹੀਂ ਕੀਤਾ ਜਾ ਰਿਹਾ। ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਬਾਪੂ ਸੂਰਤ ਸਿੰਘ ਖਾਲਸਾ ਨੇ ਮੰਗ ਕੀਤੀ ਕਿ ਸਿੱਖ ਕੈਦੀਆਂ ਨੂੰ ਸੀਨੀਅਰ ਸਿਟੀਜਨ ਹੋਣ ਦੇ ਨਾਤੇ ਜੇਲ੍ਹ ’ਚੋਂ ਬਾਹਰ ਕੱਢਣਾ ਚਾਹੀਦਾ ਹੈ। ਬਾਪੂ ਸੂਰਤ ਸਿੰਘ ਦੇ ਮੁਤਾਬਕ ਘੱਟੋ-ਘੱਟ ਅੱਠ ਅਜਿਹੇ ਸਿੱਖ ਕੈਦੀ ਹਨ ਜਿਨ੍ਹਾਂ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਇਸ ਦੀ ਜਾਣਕਾਰੀ ਕੌਮੀ ਇਨਸਾਫ਼ ਮੋਰਚਾ ਵਲੋਂ ਸਾਂਝੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ‘ਤੇ ਚਲ ਰਹੇ, ਬਾਪੂ ਸੂਰਤ ਸਿੰਘ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹੁਕਮਾਂ ਤੇ ਅਰਦਾਸ ਕਰਕੇ ਮਰਨ ਵਰਤ ਸਮਾਪਤ ਕਰ ਦਿੱਤਾ ਹੈ। ਬਾਪੂ ਗਰਚਰਨ ਸਿੰਘ ਨੇ ਦੱਸਿਆ ਕੇ ਕੁਝ ਦਿਨਾਂ ਬਾਅਦ ਸਿਹਤ ਠੀਕ ਹੋਤ ‘ਤੇ ਬਾਪੂ ਸੂਰਤ ਸਿੰਘ ਖ਼ਾਲਸਾ ਚੰਡੀਗੜ੍ਹ ਮੋਹਾਲੀ ਲੱਗੇ “ਕੌਮੀ ਇਨਸਾਫ਼ ਮੋਰਚੇ” ’ਚ ਸ਼ਮੂਲੀਅਤ ਕਰਨਗੇ।