ਗਣਤੰਤਰ ਦਿਵਸ 2023 ਮੌਕੇ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦੀ ਸੂਚਨਾ ਪ੍ਰਾਪਤ ਹੋ ਰਹੀ ਹੈ ਜਿਸ ਨੂੰ ਲੈਕੇ ਖੁਫੀਆ ਏਜੰਸੀਆਂ ਨੇ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਗਣਤੰਤਰ ਦਿਵਸ ਮੌਕੇ ਅੱਤਵਾਦੀ ਪੰਜਾਬ ਵਿਚ ਹਮਲੇ ਦੀ ਤਿਆਰੀ ਕਰ ਰਹੇ ਹਨ। ਜਿਸ ਦੇ ਚੱਲਦੇ ਸੂਬੇ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਤੋਂ ਇਲਾਵਾ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਵੀ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਵਿਚ ਜੀ-20 ਸਮਿਟ ਹੋਣ ਜਾ ਰਿਹਾ ਹੈ, ਇਸ ਨੂੰ ਵੀ ਨਿਸ਼ਾਨਾ ਬਣਾ ਕੇ ਅੱਤਵਾਦੀ ਵੱਡਾ ਹਮਲਾ ਕਰਨ ਦੀ ਫਿਰਾਕ ਵਿਚ ਹਨ। ਇਸ ਤੋਂ ਇਲਾਵਾ 26 ਜਨਵਰੀ ਮੌਕੇ ਵੀ ਅੱਤਵਾਦੀ ਹਮਲਾ ਕਰ ਸਕਦੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਅੱਤਵਾਦੀ ਹਾਈਵੇ ਨਾਲ ਲੱਗਦੇ ਪੁਲਸ ਥਾਣਿਆਂ ਨੂੰ ਨਿਸ਼ਾਨਾਂ ਬਣਾ ਕਾ ਹਮਲਾ ਕਰ ਸਕਦੇ ਸਨ। ਇਸ ਅਲਰਟ ਤੋਂ ਕੁਝ ਦਿਨ ਬਾਅਦ ਹੀ ਤਰਨਤਾਰਨ ਦੇ ਸਰਹਾਲੀ ਥਾਣੇ ’ਤੇ ਆਰ. ਪੀ. ਜੀ. ਬੰਬ ਸੁਟਿਆ ਗਿਆ ਸੀ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਇਹ ਆਰ. ਪੀ. ਜੀ. ਅਟੈਕ ਸਫਲ ਨਹੀਂ ਹੋ ਸਕਿਆ ਜਿਸ ਕਾਰਣ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। ਹੁਣ ਫਿਰ ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ।