6 ਜੂਨ 1984, ਘੱਲੂਘਾਰਾ ਦਿਵਸ ‘ਤੇ ਸਿੱਖਾਂ ਦੇ ਜ਼ਖ਼ਮ ਮੁੜ ਤੋਂ ਹਰੇ ਹੋ ਜਾਂਦੇ ਹਨ। ਇਸ ਦੌਰਾਨ ਘੱਲੂਘਾਰਾ ਦਿਵਸ ਦੀ ਯਾਦ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਰੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਈਆਂ। ਇਸ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਇਕ ਖ਼ਾਸ ਸੰਦੇਸ਼ ਦਿੱਤਾ ਹੈ। ਆਪਣੇ ਸੰਦੇਸ਼ ‘ਚ ਜਥੇਦਾਰ ਨੇ ਸਭ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਜੱਥੇਦਾਰ ਨੇ ਕਿਹਾ ਕਿ ਛੋਟੇ-ਛੋਟੇ ਮਤਭੇਦਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ।
ਉਹਨਾਂ ਕਿਹਾ ਕਿ ਸਿੱਖ ਕੌਮ ਮਤਭੇਦਾਂ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ‘ਚ ਇਕੱਠੀ ਹੋਵੇ ਅਤੇ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੀਏ। ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕੁੱਝ ਨਹੀਂ ਮਿਲਿਆ, ਉਸ ਨੂੰ ਹੋਰ ਕਿਤੇ ਵੀ ਕੁੱਝ ਨਹੀਂ ਮਿਲੇਗਾ ਕਿਉਂਕਿ ਇਸ ਦਰ ਤੋਂ ਵੱਡਾ ਕੋਈ ਦਰ ਨਹੀਂ ਹੈ। ਇਸ ਕਰਕੇ ਅਸੀਂ ਇਸ ਘਰ ਦੇ ਨਾਲ ਨੌਜਵਾਨੀ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਭ ਨੂੰ ਰਲ-ਮਿਲ ਕੇ ਬੈਠਣ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਡਰਨ ਜਾਂ ਘਬਰਾਉਣ ਵਾਲੀ ਕੌਮ ਨਹੀਂ ਹੈ।
ਇਸ ਮੌਕੇ ਜਥੇਦਾਰ ਨੇ ਪੰਥਕ ਆਗੂਆਂ ਤੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਫ਼ਲੇ ਬੰਨ੍ਹ ਕੇ ਪਿੰਡਾਂ ਵਿਚ ਜਾਈਏ ਤੇ ਪੰਥ ਨੂੰ ਇਕੱਠਾ ਕਰੀਏ। ਕਿਉਂਕਿ ਸਾਡੀ ਸ਼ਕਤੀ ਦਾ ਸਰੋਤ ਪਿੰਡਾਂ ਵਿਚ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋਈਏ, ਸਾਨੂੰ ਸਰਕਾਰਾਂ ਤੋਂ ਇਨਸਾਫ ਮੰਗਣ ਦੀ ਕੋਈ ਲੋੜ ਨਹੀਂ ਹੈ। ਜਿਹੜੇ ਸਾਡੇ ਤੋਂ ਦੂਰ ਹੋ ਚੁੱਕੇ ਹਨ, ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਨੂੰ ਮੋੜ ਕੇ ਲਿਆਈਏ। ਉਨ੍ਹਾਂ ਨੂੰ ਦੱਸੀਏ ਕਿ ਤੁਹਾਡਾ ਘਰ ਇਹ ਹੈ। ਸਿੱਖ ਸੰਸਥਾਵਾਂ ਇਸ ਕੰਮ ਲਈ ਅੱਗੇ ਆਉਣ ਤੇ ਸਿੱਖ ਸ਼ਕਤੀ ਨੂੰ ਇਕੱਠਾ ਕਰਨ। ਉਨ੍ਹਾਂ ਕਿਹਾ ਕਿ ਸਾਡੇ ਏਕੇ ਵਿਚ ਸਾਡੀ ਤਾਕਤ ਹੈ ਪਰ ਸਰਕਾਰ ਨਹੀਂ ਚਾਹੁੰਦੀ ਕਿ ਅਸੀ ਇਕੱਠੇ ਹੋਈਏ।