ਦਿੱਲੀ: ਸਰਧਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਆਫਤਾਬ ਪੂਨਾਵਾਲਾ ਦਾ ਨਾਰਕੋ ਟੈਸਟ ਹੋ ਚੁੱਕਾ ਹੈ ਅਤੇ ਇਸ ਨਾਰਕੋ ਟੈਸਟ ਵਿਚ ਆਫਤਾਬ ਨੇ ਨਾ ਸਿਰਫ ਸ਼ਰਧਾ ਨੂੰ ਮਾਰਨ ਦੀ ਗੱਲ ਕਬੂਲੀ, ਸਗੋਂ ਇਹ ਵੀ ਦੱਸਿਆ ਕਿ ਉਸ ਨੇ ਪਹਿਲਾਂ ਸ਼ਰਧਾ ਦੇ ਹੱਥ ਕੱਟੇ ਸਨ ਜਿਸ ਦੇ ਲਈ ਉਸ ਨੇ ਚੀਨੀ ਹਥਿਆਰਾਂ ਦੀ ਵਰਤੋਂ ਕੀਤੀ। ਦੱਸ ਦਈਏ ਕਿ ਆਫਤਾਬ ਪੂਨਾਵਾਲਾ ਦਾ ਪੋਲੀਗ੍ਰਾਫ ਅਤੇ ਨਾਰਕੋ ਟੈਸਟ ਦੋਵੇਂ ਹੀ ਪੂਰੇ ਹੋ ਚੁੱਕੇ ਹਨ। ਦਿੱਲੀ ਦੇ ਮਹਿਰੌਲੀ ਵਿਚ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਲਕਰ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਵਾਲੇ ਆਫਤਾਬ ਪੂਨਾਵਾਲਾ ਨੇ ਨਾਰਕੋ ਟੈਸਟ ‘ਚ ਵੱਡੇ ਰਾਜ਼ ਖੋਲ੍ਹੇ ਹਨ।
ਸੂਤਰਾਂ ਮੁਤਾਬਕ ਆਫਤਾਬ ਨੇ ਨਾਰਕੋ ਟੈਸਟ ‘ਚ ਦੱਸਿਆ ਕਿ ਉਸ ਨੇ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਪਹਿਲਾਂ ਉਸ ਦੇ ਹੱਥ ਕੱਟੇ ਸਨ। ਇਸ ਦੇ ਲਈ ਉਸ ਨੇ ਚੀਨੀ ਚਾਪਰ ਦੀ ਵਰਤੋਂ ਕੀਤੀ ਅਤੇ ਇਸ ਹਥਿਆਰ ਨਾਲ ਉਸ ਨੇ ਸ਼ਰਧਾ ਦੇ ਸਰੀਰ ਦੇ 35 ਟੁਕੜੇ ਕਰ ਦਿੱਤੇ। ਸੂਤਰਾਂ ਨੇ ਇਹ ਵੀ ਦੱਸਿਆ ਕਿ ਆਫਤਾਬ ਨੇ ਕਤਲ ਤੋਂ ਬਾਅਦ ਸ਼ਰਧਾ ਵਾਲਕਰ ਦਾ ਮੋਬਾਈਲ ਫੋਨ ਕਈ ਮਹੀਨਿਆਂ ਤੱਕ ਆਪਣੇ ਕੋਲ ਰੱਖਿਆ। ਜਦੋਂ ਮੁੰਬਈ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਤਾਂ ਵੀ ਸ਼ਰਧਾ ਦਾ ਮੋਬਾਈਲ ਫ਼ੋਨ ਉਸ ਕੋਲ ਸੀ। ਬਾਅਦ ਵਿੱਚ ਉਸ ਨੇ ਸ਼ਰਧਾ ਦਾ ਮੋਬਾਈਲ ਫੋਨ ਮੁੰਬਈ ਦੇ ਸਮੁੰਦਰ ਵਿੱਚ ਸੁੱਟ ਦਿੱਤਾ।
ਦਰਅਸਲ, ਸ਼ਰਧਾ ਵਾਲਕਰ ਕਤਲ ਦੇ ਦੋਸ਼ੀ ਆਫਤਾਬ ਪੂਨਾਵਾਲਾ ਦੀ ‘ਨਾਰਕੋ’ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਦੋ ਘੰਟੇ ਦੇ ਅੰਦਰ ਪੁੱਛਗਿੱਛ ਦਾ ਸੈਸ਼ਨ ਪੂਰਾ ਹੋ ਗਿਆ। ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਦੀ ਚਾਰ ਮੈਂਬਰੀ ਟੀਮ ਅਤੇ ਜਾਂਚ ਅਧਿਕਾਰੀ ‘ਨਾਰਕੋ’ ਜਾਂਚ ਤੋਂ ਬਾਅਦ ਪੂਨਾਵਾਲਾ ਤੋਂ ਪੁੱਛਗਿੱਛ ਲਈ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਪਹੁੰਚ ਗਏ। ਕੇਂਦਰੀ ਜੇਲ੍ਹ ਨੰਬਰ 4 ਵਿਚ ਸਵੇਰੇ 10 ਵਜੇ ਪੁੱਛਗਿੱਛ ਸ਼ੁਰੂ ਹੋਣ ਅਤੇ ਬਾਅਦ ਦੁਪਹਿਰ 3 ਵਜੇ ਤੱਕ ਮੁਕੰਮਲ ਹੋਣ ਦੀ ਉਮੀਦ ਸੀ ਪਰ ਇਸ ਵਿੱਚ ਦੇਰੀ ਹੋ ਗਈ। ਟੀਮ ਕਰੀਬ 11.30 ਵਜੇ ਜੇਲ੍ਹ ਪਹੁੰਚੀ ਅਤੇ ਸੈਸ਼ਨ ਕਰੀਬ 1 ਘੰਟਾ 40 ਮਿੰਟ ਤੱਕ ਚੱਲਿਆ। ਅਧਿਕਾਰੀਆਂ ਨੇ ਕਿਹਾ ਕਿ ਪੂਨਾਵਾਲਾ ਦਾ ਰੋਹਿਣੀ ਦੇ ਹਸਪਤਾਲ ‘ਚ ਕਰੀਬ ਦੋ ਘੰਟੇ ਤੱਕ ‘ਨਾਰਕੋ’ ਵਿਸ਼ਲੇਸ਼ਣ ਟੈਸਟ ਕੀਤਾ ਗਿਆ, ਜੋ ਸਫਲ ਰਿਹਾ। ਐਫਐਸਐਲ ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਨਾਰਕੋ ਟੈਸਟ ਅਤੇ ਪੌਲੀਗ੍ਰਾਫੀ ਟੈਸਟ ਦੌਰਾਨ ਮੁਲਜ਼ਮ ਵੱਲੋਂ ਦਿੱਤੇ ਗਏ ਜਵਾਬਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਅਤੇ ਉਸ ਦੇ ਜਵਾਬਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।