ਇਸ ਵੇਲੇ ਦੀ ਖ਼ਬਰ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ। ਹਿਮਾਚਲ ਚੋਣਾਂ ‘ਚ ਬਹੁਮਤ ਹਾਸਲ ਕਰ ਚੁੱਕੀ ਕਾਂਗਰਸ ਨੇ ਆਪਣਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਦੇ ਆਏ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਸੁਖਵਿੰਦਰ ਸਿੰਘ ਸੁੱਖੂ ਦੇ ਨਾਂ ’ਤੇ ਮੁੱਖ ਮੰਤਰੀ ਵਜੋਂ ਮੋਹਰ ਲਾ ਦਿੱਤੀ ਹੈ। ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹੋਣਗੇ। ਇਸ ਤੋਂ ਇਲਾਵਾ ਪਿਛਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਮੁਕੇਸ਼ ਅਗਨੀਹੋਤਰੀ ਡਿਪਟੀ ਸੀ. ਐੱਮ. ਹੋਣਗੇ ।
ਜ਼ਿਕਰਯੋਗ ਹੈ ਕਿ ਕਾਂਗਰਸ ’ਚ ਸ਼ੁੱਕਰਵਾਰ ਸਾਰਾ ਦਿਨ ਚੱਲੇ ਡਰਾਮੇ ਦੇ ਬਾਵਜੂਦ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰਾਤ ਦੇਰ ਗਏ ਤਕ ਕੋਈ ਸਹਿਮਤੀ ਨਹੀਂ ਬਣ ਸਕੀ ਸੀ। ਬਾਅਦ ਦੁਪਹਿਰ 3 ਵਜੇ ਬੁਲਾਈ ਗਈ ਮੀਟਿੰਗ ਰਾਤ 8 ਵਜੇ ਤੋਂ ਬਾਅਦ ਸ਼ੁਰੂ ਹੋਈ। ਆਬਜ਼ਰਵਰਾਂ ਨੇ ਮੀਟਿੰਗ ’ਚ ਸਾਰੇ ਵਿਧਾਇਕਾਂ ਦੀ ਰਾਇ ਲਈ। ਅੰਤ ’ਚ ਜਦੋਂ ਸਹਿਮਤੀ ਨਾ ਬਣ ਸਕੀ ਤਾਂ ਸੂਤਰਾਂ ਅਨੁਸਾਰ ਇਕ ਲਾਈਨ ਦਾ ਮਤਾ ਪਾਸ ਕਰ ਕੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਹਾਈਕਮਾਨ ’ਤੇ ਛੱਡ ਦਿੱਤਾ ਗਿਆ।