ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਬਾਲੀਵੁੱਡ ਇੰਡਸਟਰੀ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਪਠਾਨ’ ਆਉਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਫ਼ਿਲਮ ‘ਪਠਾਨ’ ਦੇ ਗੀਤ ਨੂੰ ਲੈਕੇ ਲੋਕਾਂ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਗਾਣੇ ‘ਚ ਦੀਪਿਕਾ ਪਾਦੂਕੋਣ ਦੀ ਬਿਕਨੀ ਦੇ ਰੰਗ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਵਾਦ ਵਿਚਾਲੇ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਫ਼ਿਲਮ ਦੇ ਹੈਡਿੰਗ ਦੇ ਨਾਲ ਹੀ ਇਸ ਦੇ ਗੀਤ ‘ਬੇਸ਼ਰਮ ਰੰਗ’ ‘ਚ ਦੋਵਾਂ ਮਸ਼ਹੂਰ ਅਭਿਨੇਤਾਵਾਂ ਦੇ ਕੱਪੜਿਆਂ ਦੇ ਰੰਗਾਂ ਬਾਰੇ ਇਤਰਾਜ਼ ਜਤਾਉਂਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਨਿਰਮਾਤਾ-ਨਿਰਦੇਸ਼ਕ ਨੇ ਇਸ ਫ਼ਿਲਮ ‘ਚ ਸੁਧਾਰ ਨਾ ਕੀਤੇ ਤਾਂ ਸੂਬਾ ਸਰਕਾਰ ਵਿਚਾਰ ਕਰੇਗੀ ਕਿ ਫ਼ਿਲਮ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਾ।
ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਗੰਦੀ ਸੋਚ ਨਾਲ ਫਿਲਮਾਏ ਗਏ ਗੀਤ ‘ਬੇਸ਼ਰਮ ਰੰਗ’ ‘ਚ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਨੂੰ ਇਤਰਾਜ਼ਯੋਗ ਢੰਗ ਨਾਲ ਹਰੇ ਅਤੇ ਭਗਵਾ ਰੰਗ ਦੇ ਕੱਪੜੇ ਪਹਿਨਾਏ ਗਏ ਹਨ। ਗ੍ਰਹਿ ਮੰਤਰੀ ਨੇ ਦੋਸ਼ ਲਗਾਇਆ ਕਿ ਦੀਪਿਕਾ ਪਾਦੂਕੋਣ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਕਥਿਤ ਟੁਕੜੇ-ਟੁਕੜੇ ਗੈਂਗ ਦੇ ਸਮਰਥਨ ‘ਚ ਪਹੁੰਚੀ ਸੀ। ਉਨ੍ਹਾਂ ਨੇ ਸ਼ਾਹਰੁਖ ਖ਼ਾਨ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਉਹ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਗਏ ਪਰ ਦੂਜੇ ਪਾਸੇ ਉਹ ਮਹਿਲਾ ਅਦਾਕਾਰਾ ਨੂੰ ਫ਼ਿਲਮਾਂ ‘ਚ ਬਿਕਨੀ ਪਹਿਨਾਉਂਦੇ ਹਨ। ਇਸ ਦੌਰਾਨ ਇੰਦੌਰ ਦੇ ਮਾਲਵਾ ਮਿੱਲ ਚੌਕ ‘ਤੇ ਵੀਰ ਸ਼ਿਵਾਜੀ ਗਰੁੱਪ ਨਾਂ ਦੇ ਸੰਗਠਨ ਦੇ ਕਾਰਕੁੰਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸ਼ਾਹਰੁਖ ਤੇ ਦੀਪਿਕਾ ਦੇ ਪੁੱਤਲੇ ਸਾੜੇ ਗਏ।