ਬਹੁ ਚਰਚਿਤ ਟੈਂਡਰ ਘੁਟਾਲੇ ਮਾਮਲੇ ਦੇ ਵਿਚ ਨਾਮਜ਼ਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਅਤੇ ਕਾਂਗਰਸੀ ਵਰਕਰ ਇੰਦਰਜੀਤ ਸਿੰਘ ਇੰਦੀ ਵਲੋਂ ਆਤਮ-ਸਮਰਪਣ ਕੀਤੇ ਜਾਣ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਮੰਗਲਵਾਰ ਨੂੰ ਵਿਜੀਲੈਂਸ ਦਫ਼ਤਰ ਦੇ ਬਾਹਰ ਪੁੱਜ ਕੇ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾਏ ਸਨ ਕਿ ਕਾਂਗਰਸੀ ਵਰਕਰ ਇੰਦਰਜੀਤ ਸਿੰਘ ਇੰਦੀ ’ਤੇ ਥਰਡ ਡਿਗਰੀ ਦਾ ਟਾਰਚਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਇੰਦਰਜੀਤ ਇੰਦੀ ਦੀ ਸਿਵਲ ਹਸਪਤਾਲ ‘ਚ ਮੈਡੀਕਲ ਜਾਂਚ ਕਰਵਾਈ, ਜੋ ਸਿਵਲ ਹਸਪਾਤਲ ਦੇ 2 ਡਾਕਟਰਾਂ ਦੇ ਬੋਰਡ ਵੱਲੋਂ ਕੀਤੀ ਗਈ ਸੀ। ਇਸ ਦਰਮਿਆਨ ਜਾਂਚ ’ਚ ਇੰਦਰਜੀਤ ਸਿੰਘ ਇੰਦੀ ਪੂਰੀ ਤਰ੍ਹਾਂ ਫਿੱਟ ਪਾਇਆ ਗਿਆ ਹੈ। ਉਧਰ, ਦੂਜੇ ਪਾਸੇ ਇੰਦਰਜੀਤ ਇੰਦੀ ਤੋਂ ਵਿਜੀਲੈਂਸ ਅਧਿਕਾਰੀ ਲਗਾਤਾਰ ਪੁੱਛ-ਗਿੱਛ ਕਰ ਰਹੇ ਹਨ।
ਦੱਸਣਯੋਗ ਹੈ ਕਿ ਟੈਂਡਰ ਘਪਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ. ਇੰਦਰਜੀਤ ਇੰਦੀ ਨੇ ਬੀਤੇ ਦਿਨੀਂ ਆਤਮ-ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਦੋਸ਼ ਲਾਇਆ ਗਿਆ ਸੀ ਇੰਦਰਜੀਤ ਇੰਦੀ ਨਾਲ ਵਿਜੀਲੈਂਸ ਦਫ਼ਤਰ ‘ਚ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਕਰੰਟ ਲਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਇੰਦੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਮੈਡੀਕਲ ਰਿਪੋਰਟ ਵਿਚ ਇੰਦਰਜੀਤ ਇੰਦੀ ਬਿਲਕੁਲ ਫਿੱਟ ਪਾਏ ਗਏ ਹਨ।