ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈਕੇ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ ‘ਤੇ ਕਾਂਗਰਸ ਦਾ ਇੱਕ ਹੋਰ ਸਾਬਕਾ ਮੰਤਰੀ ਆ ਗਿਆ ਹੈ। ਵਿਜੀਲੈਂਸ ਨੇ ਹੁਣ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਹਿਮ ਗੱਲ ਹੈ ਕਿ ਕਾਂਗੜ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਤੇ ਉਹ ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਹਨ। ਉਂਝ ਉਨ੍ਹਾਂ ਖ਼ਿਲਾਫ਼ ਕੁਝ ਸਮਾਂ ਪਹਿਲਾਂ ਹੀ ਪੜਤਾਲ ਸ਼ੁਰੂ ਹੋ ਗਈ ਸੀ। ਹੁਣ ਇਹ ਮਾਮਲਾ ਪੰਜਾਬ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ।
ਵਿਜੀਲੈਂਸ ਅਫ਼ਸਰਾਂ ਨੇ ਕਾਂਗੜ ਦੀ ਪੰਜਾਬ ਤੇ ਦੂਸਰੇ ਸੂਬਿਆਂ ਵਿਚ ਨਾਮੀ ਤੇ ਬੇਨਾਮੀ ਸੰਪਤੀ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਤੇ ਕਾਫ਼ੀ ਵੇਰਵੇ ਜਾਂਚ ਏਜੰਸੀ ਦੇ ਹੱਥ ਲੱਗੇ ਹਨ। ਕਾਂਗੜ ਦੇ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਮਾਲ ਮੰਤਰੀ ਰਹਿਣ ਵੇਲੇ ਦੇ ਵੇਰਵਿਆਂ ’ਤੇ ਖ਼ਾਸ ਤੌਰ ’ਤੇ ਕੇਂਦਰਿਤ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਮਾਲ ਵਿਭਾਗ ਤੋਂ ਕਾਂਗੜ ਪਰਿਵਾਰ ਦੀ ਸੰਪਤੀ ਦਾ ਰਿਕਾਰਡ ਵੀ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਦੱਸ ਦਈਏ ਕਿ ਜਦੋਂ ਕਾਂਗਰਸ ਹਾਈਕਮਾਨ ਨੇ ਚਾਰ ਕਾਂਗਰਸੀ ਮੰਤਰੀਆਂ ਤੋਂ ਵਜ਼ੀਰੀ ਵਾਪਸ ਲਈ ਸੀ, ਤਾਂ ਉਨ੍ਹਾਂ ’ਚ ਕਾਂਗੜ ਵੀ ਸ਼ਾਮਲ ਸਨ। ਕਾਂਗੜ ਉਦੋਂ ਵੀ ਚਰਚਾ ਵਿੱਚ ਆ ਗਏ ਸਨ ਜਦੋਂ ਪੰਜਾਬ ਕੈਬਨਿਟ ਨੇ 17 ਸਤੰਬਰ, 2021 ਨੂੰ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਮਹਿਕਮੇ ਵਿਚ ਤਰਸ ਦੇ ਆਧਾਰ ’ਤੇ ਆਬਕਾਰੀ ਤੇ ਕਰ ਇੰਸਪੈਕਟਰ ਵਜੋਂ ਨਿਯੁਕਤ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਸੀ।