ਪੰਜਾਬ ‘ਚ ਚੱਲ ਰਹੀ ‘ਭਾਰਤ ਜੋੜੋ ਯਾਤਰਾ’ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪੂਰਾ ਸਮਾਂ ਰਾਹੁਲ ਗਾਂਧੀ ਦੇ ਨਾਲ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਰਾਜਾ ਵੜਿੰਗ ਨੂੰ ਧੱਕਾ ਮਾਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਤੇ ਹੁਣ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆ ਚੁੱਕਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਾਜਾ ਵੜਿੰਗ ਨੇ ਕਿਹਾ ਕਿ ਮੇਰਾ ਪਰਿਵਾਰ ਸਿਆਸਤ ਨਾਲ ਜੁੜਿਆ ਹੋਇਆ ਨਹੀਂ ਹੈ। “ਮੈਂ ਮਹਾਰਾਜਿਆਂ ’ਚ ਥੋੜੀ ਜੰਮਿਆ, ਮੈਂ ਤਾਂ ਧੱਕਿਆਂ ‘ਚ ਹੀ ਜੰਮਿਆ ਸੀ, ਮੈਂ ਖੁਦ ਧੱਕ ਖਾਕੇ ਇਸ ਮੁਕਾਮ ‘ਤੇ ਪਹੁੰਚਿਆ ਹਾਂ ਅਤੇ ਜੇਕਰ ਆਉਣ ਵਾਲੇ ਸਮੇਂ ਵਿਚ ਮੈਂਨੂੰ ਹੋਰ ਧੱਕੇ ਖਾਣੇ ਪਏ ਤਾਂ ਮੈਂ ਜ਼ਰੂਰ ਖਾਵਾਗਾਂ। ਉਹਨਾਂ ਕਿਹਾ ਕਿ ਪਾਰਟੀ ਵਰਕਰਾਂ ਲਈ ਮੈਂ ਹਜ਼ਾਰਾਂ ਧੱਕੇ ਖਾਣ ਨੂੰ ਤਿਆਰ ਹਾਂ। ਇਸਤੋਂ ਇਲਾਵਾ ਉਹਨਾਂ ਇਹ ਵੀ ਇਲਜ਼ਾਮ ਲਗਾਏ ਹਨ ਕਿ ਇਹ ਵਿਰੋਧੀਆਂ ਦੀ ਸਾਜਿਸ਼ ਵੀ ਹੋ ਸਕਦੀ ਹੈ ਕਿਉਂ ਕਿ CRPF ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਡਰ ਆਉਂਦੀ ਹੈ।
ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਇਸ ਮੁੱਦੇ ‘ਤੇ ਫੇਸਬੁੱਕ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਜਿਸ ਵਿਚ ਉਹਨਾਂ ਲਿਖਿਆ ਕਿ ਮੈਂ ਪੰਜਾਬ ਦੇ ਹਰ ਇੱਕ ਵਿਅਕਤੀ, ਕਾਂਗਰਸ ਪਾਰਟੀ ਦੇ ਇਕੱਲੇ-ਇਕੱਲੇ ਵਰਕਰ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਅੱਜ ਨਫ਼ਰਤ, ਹਿੰਸਾ ਅਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੇ ਖਿਲਾਫ਼ ਡੱਟ ਕੇ ਖੜ੍ਹੇ ਹਨ। ਸਾਡੇ ਪਾਰਟੀ ਵਰਕਰ 20-20 ਘੰਟੇ ਜਾਗ ਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਪੰਜਾਬ ਵਿਖੇ ਚੱਲ ਰਹੀ ਭਾਰਤ ਜੋੜੋ ਯਾਤਰਾ ਦੀ ਕਾਮਯਾਬੀ ਨੂੰ ਯਕੀਨੀ ਬਣਾ ਰਹੇ ਹਨ। ਮੈਂ ਆਪਣੇ ਪਾਰਟੀ ਵਰਕਰਾਂ ਲਈ ਕੁੱਝ ਵੀ ਕਰਨ ਲਈ ਤਿਆਰ ਹਾਂ। ਮੈਂ ਹਰ ਉਸ ਪਾਰਟੀ ਵਰਕਰ ਦਾ ਹੱਥ ਫੜ੍ਹ ਕੇ ਸ਼੍ਰੀ ਰਾਹੁਲ ਗਾਂਧੀ ਜੀ ਕੋਲ ਲੈ ਕੇ ਜਾਵਾਂਗਾ ਜਿਸ ਨੇ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਹੈ। ਮੈਂ ਉਨ੍ਹਾਂ ਦੀ ਇੱਜ਼ਤ ਲਈ ਹਜਾਰਾਂ ਧੱਕੇ ਖਾਣ ਨੂੰ ਤਿਆਰ ਹਾਂ। ਅੱਜ ਸਾਨੂੰ ਲੋੜ ਹੈ ਅਜਿਹੀਆਂ ਰਾਜਨੀਤਿਕ ਪਾਰਟੀਆਂ, ਸੰਸਥਾਵਾਂ ਅਤੇ ਮੀਡੀਆਂ ਦੇ ਖਿਲਾਫ਼ ਖੜ੍ਹੇ ਹੋਣ ਦੀ ਜੋ ਆਮ ਲੋਕਾਂ ਦੇ ਮਸਲਿਆਂ ਨੂੰ ਛੱਡ ਕੇ ਕੁੱਝ ਚੰਦ ਲੋਕਾਂ ਦੀ ਭਾਸ਼ਾ ਬੋਲਦੇ ਹਨ। ਭਾਰਤ ਜੋੜੋ ਯਾਤਰਾ ਦਾ ਮਕਸਦ ਹਰ ਹਾਲ ਵਿੱਚ ਸੱਚ ਦਾ ਸਾਥ ਦੇਣਾ ਹੈ ਅਤੇ ਸੱਚਾਈ ਲਈ ਸਾਡੀ ਜਿੰਦ ਜਾਨ ਵੀ ਹਾਜ਼ਰ ਹੈ।
ਨਫ਼ਰਤ ਛੋੜੋ ਭਾਰਤ ਜੋੜੋ!
ਇਥੇ ਦਸ ਦਈਏ ਕਿ ਲੁਧਿਆਣਾ ਵਿਖੇ ਚੱਲ ਰਹੀ ਭਾਰਤ ਜੋੜੋ ਯਾਤਰਾ ਦੌਰਾਨ ਰਾਜਾ ਵੜਿੰਗ ਕਿਸੇ ਨੇਤਾ ਨੂੰ ਆਪਣੇ ਨਾਲ ਲਿਜਾ ਕੇ ਰਾਹੁਲ ਗਾਂਧੀ ਨਾਲ ਮਿਲਾਉਣ ਦਾ ਯਤਨ ਕਰ ਰਹੇ ਹਨ। ਇਸੇ ਦੌਰਾਨ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨੂੰ ਕਾਫੀ ਦੂਰ ਤੱਕ ਧੱਕ ਦਿੱਤਾ, ਜਿਸ ਸਬੰਧੀ ਕੁੱਝ ਦੇਰ ਤੱਕ ਤਾਂ ਰਾਜਾ ਵੜਿੰਗ ਨੂੰ ਵੀ ਸਮਝ ਨਹੀਂ ਆਇਆ ਕਿ ਹੋ ਕੀ ਰਿਹਾ ਹੈ ਕਿਉਂਕਿ ਅਜਿਹਾ ਨਹੀਂ ਹੋ ਸਕਦਾ ਕਿ ਸੁਰੱਖਿਆ ਮੁਲਾਜ਼ਮ ਨੂੰ ਰਾਜਾ ਵੜਿੰਗ ਦੀ ਪਛਾਣ ਨਾ ਹੋਵੇ। ਹਾਲਾਂਕਿ ਇਹ ਸਭ ਕੁੱਝ ਦੇਖਣ ਤੋਂ ਬਾਅਦ ਵੀ ਰਾਹੁਲ ਗਾਂਧੀ ਨੇ ਦਖ਼ਲ ਨਹੀਂ ਦਿੱਤਾ ਅਤੇ ਇਕ ਹੋਰ ਸੁਰੱਖਿਆ ਮੁਲਾਜ਼ਮ ਨੇ ਧੱਕਾ ਮਾਰਨ ਵਾਲੇ ਮੁਲਾਜ਼ਮ ਨੂੰ ਹਟਾਇਆ।