26 ਜਨਵਰੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਖੰਨਾ ਵਿਖੇ ਵੇਖਣ ਨੂੰ ਮਿਲੀ ਹੈ। ਖੰਨਾ ਦੇ ਮਿਲਟਰੀ ਗਰਾਊਂਡ ਵਿਚ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਮਿਜ਼ਾਇਲ ਵਰਗੀ ਧਮਾਕਾਖੇਜ ਸਮੱਗਰੀ ਹੈ। ਬੰਬ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਸਾਰਾ ਇਲਾਕਾ ਸੀਲ ਕਰ ਦਿੱਤਾ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਥਾਂ ਉਪਰ ਬੰਬ ਮਿਲਿਆ ਉਸਦੇ ਨਾਲ ਹੀ ਸਬਜ਼ੀ ਮੰਡੀ ਅਤੇ ਰਿਹਾਇਸ਼ੀ ਇਲਾਕਾ ਹੈ।
ਇਸ ਦੇ ਨਾਲ ਹੀ ਹੁਣ ਪੁਲਿਸ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਨੂੰ ਜਿਥੇ ਬੰਬ ਮਿਲਿਆ ਹੈ ਉਨ੍ਹਾਂ ਨੇ ਉਥੇ ਸਕਿਉਰਿਟੀ ਵਧ ਦਿੱਤੀ ਹਨ। ਸੂਤਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਬੰਬ ਮਿਲਿਆ ਸੀ, ਉੱਥੇ ਕਾਂਗਰਸ ਆਗੂ (Rahul Gandhi) ਰਾਹੁਲ ਗਾਂਧੀ ਦੀ (Bharat Jodo yatra) ਭਾਰਤ ਜੋੜੋ ਯਾਤਰਾ ਵੀ ਲੰਘ ਕੇ ਗਈ ਸੀ। ਇਸਦੀ ਜਾਣਕਾਰੀ ਆਰਮੀ ਨੂੰ ਵੀ ਦੇ ਦਿੱਤੀ ਗਈ ਹੈ।
ਦਸ ਦਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜਿਓਂ ਬੰਬ ਮਿਲਿਆ ਸੀ। ਇਸ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਸੀ। ਪਿਛਲੇ ਸਮੇਂ ਤੋਂ ਪਾਕਿਸਤਾਨ ਤੋਂ ਭਾਰਤ ਅੰਦਰ ਹਥਿਆਰਾਂ ਦੀ ਆਮਦ ਵੀ ਵਧੀ ਹੈ। ਅੱਜ ਵੀ ਡ੍ਰੋਨ ਰਾਹੀਂ ਹਥਿਆਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ।