ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਵਿਖੇ ਪਹੁੰਚੇ ਜਿਥੇ ਉਹਨਾਂ ਨੇ ਨਵੇਂ ਬਣ ਰਹੇ ਬੱਸ ਸਟੈਂਡ ਦਾ ਨਿਰੀਖਣ ਕੀਤਾ ਅਤੇ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਸ ਦਰਮਿਆਨ ਮੁੱਖ ਮੰਤਰੀ ਮਾਨ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਕੁਝ ਪ੍ਰਦਰਸ਼ਨਕਾਰੀ ਸੁਰੱਖਿਆ ਦੇ ਘੇਰਾ ਤੋੜਦੇ ਮੁੱਖ ਮੰਤਰੀ ਦੀ ਗੱਡੀ ਨਜ਼ਦੀਕ ਪਹੁੰਚੇ, ਜਿਸ ਤੋਂ ਬਾਅਦ ਸੀ.ਐਮ. ਮਾਨ ਨੂੰ ਗੱਡੀ ‘ਚੋਂ ਬਾਹਰ ਆਕੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰਨੀ ਪਈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੰਮ ਲਗਾਤਾਰ ਕਰ ਰਹੀ ਹੈ। ਇਸ ਲਈ ਜਿਹੜੇ ਕਿਤੇ ਵੀ ਧਰਨੇ ‘ਤੇ ਬੈਠੇ ਹਨ ਉਹ ਧਰਨੇ ਖਤਮ ਕਰਕੇ ਆਪੋ-ਆਪਣੇ ਘਰ ਜਾ ਕੇ ਪਰਿਵਾਰਾਂ ਵਿਚ ਬੈਠਣ, ਸਰਕਾਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ‘ਚ ਲੱਗੀ ਹੋਈ ਹੈ ਅਤੇ ਸਭ ਦੀ ਵਾਰੀ ਜ਼ਰੂਰ ਆਵੇਗੀ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲਦ ਪੰਜਾਬ ਵਿੱਚ ਵੱਡੇ ਉਦਯੋਗ ਸਥਾਪਿਤ ਹੋਣਗੇ, ਪ੍ਰਦੂਸ਼ਣ ਨੂੰ ਸੁਰੱਖਿਅਤ ਰੱਖਣ ਵਾਲੇ ਤੇ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਵਾਲਿਆਂ ਉਦਯੋਗਾਂ ਨੂੰ ਤਰਜੀਹ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਲਗਾਤਾਰ ਜਾਰੀ ਹਨ, ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਦਫਤਰਾਂ ਦੇ ਨਾਲ 21 ਫਰਵਰੀ ਤੋਂ ਸੂਬੇ ਦੇ ਬਜ਼ਾਰਾਂ ਵਿਚ ਵੀ ਪੰਜਾਬੀ ਭਾਸ਼ਾ ਵਾਲੇ ਬੋਰਡ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਕਿਹਾ ਕਿ ਸੱਤਾ ਵਿਚ ਰਹਿ ਕਿ ਮਹਿਲ ਤਾਂ ਰੰਗ ਰੋਗਨ ਕਰਵਾ ਲਏ ਪਰ ਸ਼ਹਿਰ ਦੀ ਸਾਰ ਨਹੀਂ ਲਈ। ਪਰਨੀਤ ਕੌਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਇਹਨਾਂ ਦੀ ਪਹਿਲਾਂ ਹੀ ਬਾਹ ਮਰੋੜੀ ਹੋਈ ਹੈ, ਕੈਪਟਨ ਭਾਜਪਾ ਵਿੱਚ ਹਨ ਤਾਂ ਪਰਨੀਤ ਵੀ ਉਸੇ ਪਾਰਟੀ ’ਚ ਹੀ ਹਨ, ਇਹ ਸਭ ਨੂੰ ਪਹਿਲਾਂ ਤੋਂ ਹੀ ਪਤਾ ਹੈ।