ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਫਰੀਦਕੋਟ ਪਹੁੰਚੇ, ਜਿੰਨਾ ਨੇ ਪਿੰਡ ਗੋਲੇਵਾਲਾ ’ਚ ਚੱਲ ਰਹੇ ਕਬੱਡੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਗਈ। ਇਸ ਦਰਮਿਆਨ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਅੱਜ ਐਲਾਨ ਕੀਤਾ ਕਿ ਜਿਨ੍ਹਾਂ ਕਿਸਾਨਾਂ ਦੀ ਆਲੂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਸੂਬਾ ਸਰਕਾਰ ਉਨ੍ਹਾਂ ਦੀ ਆਰਥਿਕ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਲਾਕੇ ਦੇ ਖਿਡਾਰੀਆਂ ਲਈ ਚੰਗਾ ਸੰਕੇਤ ਦਿੰਦਿਆਂ ਹਲਕਾ ਵਿਧਾਇਕ ਨੂੰ ਕਿਹਾ ਕਿ ਉਹ ਪਿੰਡ ਗੋਲੇਵਾਲ ‘ਚ ਖੇਡ ਸਟੇਡੀਅਮ ਬਣਾਉਣ ਲਈ ਲੋੜੀਂਦੀ ਰਾਸ਼ੀ, ਸਾਮਾਨ ਅਤੇ ਜਗ੍ਹਾ ਦੀ ਨਿਸ਼ਾਨਦੇਹੀ ਕਰ ਕੇ ਭੇਜਣ। ਇੱਥੇ ਪਿੰਡ ਗੋਲੇਵਾਲ ਵਿਖੇ ਸੰਤ ਕਸ਼ਮੀਰ ਸਿੰਘ ਨੂੰ ਸਮਰਪਿਤ 7ਵੇਂ ਸੁਪਰ ਮਹੰਤ ਸ਼ੇਰ ਸਿੰਘ ਯਾਦਗਾਰੀ ਦੋ ਰੋਜ਼ਾ ਕਬੱਡੀ ਟੂਰਨਾਮੈਂਟ ‘ਚ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ’ਤੇ ਸਭ ਤੋਂ ਜ਼ਿਆਦਾ ਜ਼ੋਰ ਦੇ ਰਹੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡ ਦੇ ਮੈਦਾਨਾਂ ਵਿੱਚ ਲਿਆਂਦਾ ਜਾਵੇ। ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ਮੀਨੀ ਪੱਧਰ ’ਤੇ ਨੌਜਵਾਨਾਂ ਨੂੰ ਖੇਡਾਂ ਵੱਲ ਲਿਆਉਣ ਦੇ ਲਈ ਸਮੇਂ ਸਮੇਂ ਸਿਰ ਜਿੱਥੇ ਐੱਨ.ਆਰ.ਆਈਜ਼ ਵੱਲੋਂ ਖੇਡ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਉੱਥੇ ਪੰਜਾਬ ਸਰਕਾਰ ਵੱਲੋਂ ਵੀ ਰਾਜ ਪੱਧਰ ’ਤੇ ਖੇਡਾਂ ਕਰਵਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੌਰ ’ਤੇ ਮਜ਼ਬੂਤ ਕਰਦੀਆਂ ਹਨ, ਉੱਥੇ ਨਸ਼ਿਆਂ ਵਰਗੀ ਨਾਮੁਰਾਦ ਬੀਮਾਰੀ ਤੋਂ ਵੀ ਬਚੇ ਰਹਿੰਦੇ ਹਨ।
ਇਸ ਦੌਰਾਨ ਉਨ੍ਹਾਂ ਨੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਕਿਹਾ ਕਿ ਪਿੰਡ ਵਿਚ ਸਟੇਡੀਅਮ ਬਣਾਉਣ ਦੇ ਲਈ ਜੋ ਵੀ ਰਾਸ਼ੀ ਲੱਗਣੀ ਹੈ, ਜਾਂ ਖੇਡਾਂ ਵਾਸਤੇ ਜੋ ਵੀ ਸਾਮਾਨ ਚਾਹੀਦਾ ਹੈ, ਇਸ ਸਬੰਧੀ ਲਿਖਤੀ ਰੂਪ ਵਿਚ ਉਨ੍ਹਾਂ ਨੂੰ ਭੇਜ ਦਿੱਤਾ ਜਾਵੇ। ਉਨ੍ਹਾਂ ਨੇ ਕਲੱਬ ਨੂੰ 2 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਵੀ ਕੀਤੀ।
ਇਸ ਦੌਰਾਨ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣਾ ਧਿਆਨ ਖੇਡਾਂ ਵੱਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਨਾਮੁਰਾਦ ਬੀਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਡਾਂ ਵੱਲੋਂ ਧਿਆਨ ਦੇਣ ਤਾਂ ਜੋ ਉਹ ਖੇਡਾਂ ਰਾਹੀਂ ਵੀ ਪੰਜਾਬ ਪੁਲਸ ਅਤੇ ਹੋਰ ਵਿਭਾਗਾਂ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਲਖਵਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਤੇ ਪਿੰਡ ਵਾਸੀ ਹਾਜ਼ਰ ਸਨ।