ਅੱਜ ਚੰਡੀਗੜ੍ਹ ਵਿਚ ਜੀ-20 ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੋ ਰੋਜ਼ਾ ਸੰਮੇਲਨ ਵਿਚ ਵਿਚ 20 ਦੇਸ਼ਾਂ ਤੋਂ 100 ਦੇ ਕਰੀਬ ਡੈਲੀਗੇਟਸ ਹਿੱਸਾ ਲੈਣਗੇ। ਭਾਰਤ ਦੀ ਪ੍ਰਧਾਨਗੀ ‘ਚ ਜੀ-20 ਦੇ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਕਾਰਜ ਸਮੂਹ ਦੀ 30 ਅਤੇ 31 ਜਨਵਰੀ ਨੂੰ ਹੋਣ ਵਾਲੀ ਬੈਠਕ ਪੂਰੀ ਤਰ੍ਹਾਂ ਸੰਸਾਰਿਕ ਆਰਥਿਕ ਚੁਣੌਤੀਆਂ ’ਤੇ ਚਰਚਾ ਅਤੇ ਹੱਲ ਸੁਝਾਉਣ ’ਤੇ ਕੇਂਦਰਿਤ ਰਹੇਗੀ। ਕਾਰਜ ਸਮੂਹ ਵਲੋਂ ਜੀ-20 ਵਿੱਤ ਟਰੈਕ ਦੇ ਤਹਿਤ ਮਹੱਤਵਪੂਰਣ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਰੱਖਿਆ ਜਾਂਦਾ ਹੈ ਤਾਂ ਕਿ ਕਮਜ਼ੋਰ ਦੇਸ਼ਾਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦਾ ਹੱਲ ਹੋ ਸਕੇ। 2 ਦਿਨਾਂ ਬੈਠਕ ‘ਚ ਹਿੱਸਾ ਲੈਣ ਲਈ ਜੀ-20 ਦੇ ਮੈਬਰਾਂ, ਸੱਦੇ ਹੋਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲਗਭਗ 100 ਪ੍ਰਤਿਨਿਧੀ ਚੰਡੀਗੜ੍ਹ ਪਹੁੰਚਣਗੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿੱਤ ਮੰਤਰਾਲੇ ਦੇ ਸੰਯੁਕਤ ਸਕੱਤਰ ਬੀ. ਪੁਰੁਸ਼ਾਰਥਾ, ਵਿੱਤ ਮੰਤਰਾਲੇ ਦੇ ਆਰਥਿਕ ਸਲਾਹਕਾਰ ਅਨੂੰ ਪੀ. ਮਥਾਈ ਨੇ ਦੱਸਿਆ ਕਿ ਬੈਠਕ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਖ਼ੁਰਾਕ ਪ੍ਰੋਸੈਸਿੰਗ ਉਦਯੋਗ ਮੰਤਰੀ ਪਸ਼ੁਪਤੀ ਕੁਮਾਰ ਪਾਰਸ ਕਰਨਗੇ। 2 ਦਿਨਾਂ ਬੈਠਕ ਦੌਰਾਨ ਚਰਚਾ, ਸੰਯੁਕਤ ਰੂਪ ਨਾਲ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਅਤੇ ਨਾਲ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਕਾਰਜ ਸਮੂਹ ਦੇ ਸਾਥੀ ਪ੍ਰਧਾਨਾਂ, ਫ਼ਰਾਂਸ ਅਤੇ ਦੱਖਣ ਕੋਰੀਆ ਵਲੋਂ ਸੰਚਾਲਿਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੈਠਕ ‘ਚ ਅੰਤਰਰਾਸ਼ਟਰੀ ਵਿੱਤੀ ਸੰਰਚਨਾ ਦੀ ਸਥਿਰਤਾ ਅਤੇ ਤਾਲਮੇਲ ਨੂੰ ਵਧਾਉਣ ਦੇ ਤਰੀਕਿਆਂ ਅਤੇ 21ਵੀਆਂ ਸਦੀ ਦੀਆਂ ਸੰਸਾਰਕ ਚੁਣੌਤੀਆਂ ਦੇ ਹੱਲ ਲਈ ਇਸ ਨੂੰ ਕਿੰਝ ਯੋਗ ਬਣਾਇਆ ਜਾਵੇ, ਇਸ ’ਤੇ ਚਰਚਾ ਹੋਵੇਗੀ। ਬੈਠਕ ‘ਚ ਗਰੀਬ ਅਤੇ ਕਮਜ਼ੋਰ ਦੇਸ਼ਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਦੇ ਤਰੀਕੇ ਲੱਭਣ ’ਤੇ ਵੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੀ-20 ਕਾਰਜ ਸਮੂਹ ਦੀ ਬੈਠਕ ਮੌਕੇ ‘ਸੈਂਟਰਲ ਬੈਂਕ ਡਿਜੀਟਲ ਮੁਦਰਾਵਾਂ (ਸੀ.ਬੀ.ਡੀ.ਸੀ.); ਮੌਕੇ ਅਤੇ ਚੁਣੌਤੀਆਂ’ ਨਾਮਕ ਜੀ-20 ਦਾ ਇਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ। ਇਸ ਆਯੋਜਨ ਦਾ ਮਕਸਦ ਦੇਸ਼ ਦੇ ਅਨੁਭਵਾਂ ਨੂੰ ਸਾਂਝਾ ਕਰਨਾ ਅਤੇ ਸੀ. ਬੀ. ਡੀ. ਸੀ. ਬਾਰੇ ਡੂੰਘੀ ਸਮਝ ਵਿਕਸਿਤ ਕਰਨਾ ਹੈ।