ਮਸ਼ਹੂਰ ਬਾਲੀਵੁੱਡ ਗਾਇਕ ਕੈਲਾਸ਼ ਖੇਰ ‘ਤੇ ਇਕ ਲਾਈਵ ਸ਼ੋਅ ਦੌਰਾਨ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ, ਕੈਲਾਸ਼ ਖੇਰ ਹਾਲ ਹੀ ‘ਚ ਕਰਨਾਟਕ ‘ਚ ‘ਹੰਪੀ ਉਤਸਵ 2023’ ‘ਚ ਲਾਈਵ ਕੰਸਰਟ ਲਈ ਪਹੁੰਚੇ ਸਨ। ਰਿਪੋਰਟਾਂ ਮੁਤਾਬਕ, ਐਤਵਾਰ ਨੂੰ ਕੈਲਾਸ਼ ਖੇਰ ਦੇ ਕੰਸਰਟ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਨੇ ਗਾਇਕ ‘ਤੇ ਬੋਤਲਾਂ ਸੁੱਟੀਆਂ। ਇਸ ਘਟਨਾ ਨੂੰ ਵੇਖ ਕੇ ਪੁਲਸ ਤੁਰੰਤ ਹਰਕਤ ‘ਚ ਆ ਗਈ ਅਤੇ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ।
ਰਿਪੋਰਟਾਂ ਮੁਤਾਬਕ, ਗਾਇਕ ਕੈਲਾਸ਼ ਖੇਰ ਨੇ ‘ਹੰਪੀ ਉਤਸਵ 2023’ ਦੇ ਸਮਾਪਤੀ ਸਮਾਰੋਹ ਦੌਰਾਨ ਸਿਰਫ਼ ਹਿੰਦੀ ਗੀਤ ਹੀ ਗਾਏ। ਉਸ ਨੇ ਇਕ ਵੀ ਕੰਨੜ ਗੀਤ ਨਹੀਂ ਗਾਇਆ, ਜਿਸ ‘ਤੇ ਭੀੜ ‘ਚ ਕਈ ਲੋਕ ਗੁੱਸੇ ‘ਚ ਆ ਗਏ ਅਤੇ ਇਸ ਦੌਰਾਨ ਪ੍ਰਦੀਪ ਅਤੇ ਸੂਰਾ ਨਾਂ ਦੇ ਦੋ ਸਥਾਨਕ ਲੋਕਾਂ ਨੇ ਗਾਇਕ ‘ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਹਾਲਾਂਕਿ ਹੁਣ ਤਕ ਇਸ ਪੂਰੇ ਮਾਮਲੇ ‘ਚ ਕੈਲਾਸ਼ ਖੇਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਤਿੰਨ ਦਿਨ ਤਕ ਚੱਲਣ ਵਾਲਾ ‘ਹੰਪੀ ਤਿਉਹਾਰ’ 27 ਜਨਵਰੀ ਨੂੰ ਸ਼ੁਰੂ ਹੋਇਆ ਸੀ। ਨਵੇਂ ਵਿਜੈਨਗਰ ਜ਼ਿਲ੍ਹੇ ਦੇ ਗਠਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਇਸ ਤਰ੍ਹਾਂ ਦਾ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਕੈਲਾਸ਼ ਖੇਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ‘ਹੰਪੀ ਤਿਉਹਾਰ’ ‘ਤੇ ਪਰਫਾਰਮ ਕਰਨ ਜਾ ਰਹੇ ਹਨ। ਐਤਵਾਰ ਨੂੰ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕੈਲਾਸ਼ ਬੈਂਡ ਸ਼ਿਵਨਾਦ ਅੱਜ ਹੰਪੀ ਤਿਉਹਾਰ ‘ਚ ਗੂੰਜੇਗਾ ਅਤੇ ਅੱਜ ਵੀ ਇੱਥੇ ਸਾਰੇ ਸ਼ਾਹੀ ਸ਼ਿਲਪਕਾਰੀ, ਇਤਿਹਾਸ, ਕਲਾ ਅਤੇ ਸੰਗੀਤ ਦਾ ਮੇਲਾ ਲੱਗੇਗਾ। ਇਸ ਫੈਸਟੀਵਲ ’ਚ ਸ਼ਿਰਕਤ ਕਰਨ ਲਈ ਅਰਮਾਨ ਮਲਿਕ ਵੀ ਪਹੁੰਚੇ ਸਨ।