ਦਿੱਲੀ ‘ਚ ਕਿਸਾਨ ਅੰਦੋਲਨ ਦੌਰਾਨ ‘ਕਿਸਾਨ ਐਂਥਮ’ ਗਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਆਪਣੀ ਨਵੀਂ ਐਲਬਮ ‘ਬੇੜੀਆਂ’ ਦੇ ਰਿਲੀਜ਼ ਹੋਣ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਗਾਇਕ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਬੀਜੇਪੀ ਅਤੇ ਕਾਂਗਰਸੀ ਆਗੂਆਂ ‘ਤੇ ਦੋਸ਼ ਲਾਏ ਹਨ। ਉਸ ਨੇ ਦੱਸਿਆ ਕਿ ਕਈ ਸਿਆਸਤਦਾਨ ਆਪਣੇ ਕੁੱਤੇ-ਬਿੱਲੀਆਂ ਤੋਂ ਫੋਨ ਕਰਵਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਵਾ ਰਹੇ ਹਨ। ਕਾਂਗਰਸੀ ਆਗੂਆਂ ਦਾ ਨਾਂ ਲਏ ਬਿਨਾਂ ਸ਼੍ਰੀ ਬਰਾੜ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਿਹੜੇ ਹਾਲਾਤ ਵਿੱਚੋਂ ਗੁਜ਼ਰ ਰਹੇ ਹਨ। ਕਿਸਾਨ ਅੰਦੋਲਨ ਦੌਰਾਨ ਬਹੁਤ ਕੁਝ ਦੇਖਿਆ ਅਤੇ ਕਈ ਗੁੰਡਿਆਂ ਦੇ ਫੋਨ ਆਉਂਦੇ ਸਨ। ਸਿਆਸਤਦਾਨਾਂ ਵੱਲੋਂ ਧਮਕੀਆਂ ਮਿਲਦੀਆਂ ਸਨ ਜਿਸ ਤੋਂ ਬਚਣ ਲਈ ਮੈਂ ਪੈਸੇ ਦਿੰਦਾ ਹਾਂ।
ਗਾਇਕ ਸ਼੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਹੱਕ ਵਿੱਚ ਬੋਲਣ ਦਾ ਉਸਨੂੰ ਇਹ ਸਿਲ੍ਹਾ ਹੈ, ਇਸ ਤੋਂ ਬਿਹਤਰ ਹੈ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ। ਉਨ੍ਹਾਂ ਕਿਹਾ ਕਿ ‘ਬੇੜੀਆਂ’ ਗੀਤ ਰਿਲੀਜ਼ ਹੋਣ ਤੋਂ ਬਾਅਦ ਵੀ ਮੈਨੂੰ ਬਹੁਤ ਕੁਝ ਕਿਹਾ ਗਿਆ। ਬਰਾੜ ਨੇ ਕਿਹਾ ਕਿ ਤੁਸੀਂ ਮੇਰੇ ਖਿਲਾਫ ਹਜ਼ਾਰਾਂ ਕਲਮਾਂ ਚਲਾ ਲਵੋ, ਤੁਹਾਡੇ ਕੋਲ ਇੱਕ ਹੀ ਹੱਲ ਹੈ, ਕਿ ਤੁਸੀਂ ਮੈਨੂੰ ਕਿਸੇ ਤੋਂ ਗੋਲੀ ਮਰਵਾ ਦਿਓ, ਮੈਂ ਉਸ ਦਿਨ ਟਿਕ ਜਾਵਾਂਗਾ, ਨਹੀਂ ਤਾਂ ਮੈਂ ਆਪਣੀ ਇੱਕ ਕਲਮ ਨਾਲ ਤੁਹਾਡੇ ਸਾਰਿਆਂ ਦੀ ਨੀਂਦ ਉਡਾ ਕੇ ਰੱਖਾਂਗਾ। ਮੈਂ ਪੰਜਾਬ ਦਾ ਦਿੱਤਾ ਖਾਂਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ।