ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਮੁਲਾਕਾਤ ਕੀਤੀ। ਇਸ ਦੌਰਾਨ ਕੁਝ ਤਸਵੀਰਾਂ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਭਗਵੰਤ ਮਾਨ ਦੀਆਂ ਖ਼ੂਬ ਤਾਰੀਫ਼ਾਂ ਕੀਤੀਆਂ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਨਾਲ ਬਹੁਤ ਹੀ ਸ਼ਾਨਦਾਰ ਤੇ ਪ੍ਰੋਡਕਟਿਵ ਮੀਟਿੰਗ ਹੋਈ। ਸਿਨੇਮਾ ਕਿਸੇ ਵੀ ਮਸਲੇ ਨੂੰ ਸਾਹਮਣੇ ਲਿਆਉਣ ਦਾ ਇਕ ਬਿਹਤਰੀਨ ਮਾਧਿਅਮ ਹੈ। ਜਿਵੇਂ ਅਸੀਂ ਚਰਚਾ ਕੀਤੀ, ਅਸੀਂ ਧੀਆਂ ਦੀ ਰੱਖਿਆ ਤੇ ਨਸ਼ਿਆਂ ਸਣੇ ਪੰਜਾਬ ਦੇ ਕਈ ਗੰਭੀਰ ਮੁੱਦਿਆਂ ’ਤੇ ਜਾਗਰੂਕਤਾ ਫੈਲਾਵਾਂਗੇ। ਤੁਹਾਡਾ ਇੰਨੀ ਮਿਹਨਤ ਲਈ ਬਹੁਤ ਧੰਨਵਾਦ।”
ਦੱਸ ਦਈਏ ਕਿ ਨੀਰੂ ਬਾਜਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਕਲੀ ਜੋਟਾ’ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ‘ਚ ਨੀਰੂ ਬਾਜਵਾ ਨਾਲ ਸੂਫ਼ੀ ਗਾਇਕ ਸਤਿੰਦਰ ਸਰਤਾਜ ਤੇ ਅਦਾਕਾਰਾ ਵਾਮਿਕਾ ਗਾਬੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਹੁਣ ਤੱਕ ਫ਼ਿਲਮ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਉਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ‘ਕਲੀ ਜੋਟਾ’ ਇਕ ਸਮਾਜਿਕ ਮੁੱਦੇ ਦਾ ਡਰਾਮਾ ਹੈ, ਜੋ ਪਾਤਰਾਂ ਦੀਆਂ ਘਟਨਾਵਾਂ ਤੇ ਭਾਵਨਾਵਾਂ ਦੀ ਇਕ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕਰਦਾ ਹੈ। ਇਹ ਪਿਆਰ ਦਾ ਇਕ ਸੁੰਦਰ ਪੋਰਟਰੇਟ ਵੀ ਹੈ ਤੇ ਸਮੇਂ ਤੇ ਉਮਰ ਤੋਂ ਪਰੇ ਸ਼ੁੱਧ ਤੇ ਨਿਰਸਵਾਰਥ ਪਿਆਰ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ। ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ।
ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ. ਐਂਡ ਆਈ ਫ਼ਿਲਮਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਨੇ ਪ੍ਰੋਡਿਊਸ ਕੀਤਾ ਹੈ।