2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੇ ਇਕਜੁੱਟ ਹੋ ਕੇ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਵੀਂ ਦਿੱਲੀ ਵਿਖੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਬਸਪਾ ਸੁਪਰੀਮੋ ਮਾਇਆਵਤੀ ਵਿਚਾਲੇ ਵਿਸ਼ੇਸ਼ ਮੁਲਾਕਾਤ ਹੋਈ। ਇਨ੍ਹਾਂ ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ਅਕਾਲੀ-ਬਸਪਾ ਗਠਜੋੜ ਨੂੰ ਹੋਰ ਮਜ਼ਬੂਤ ਕਰਨ ਅਤੇ ਵਧੀਆ ਤਾਲਮੇਲ ਬਣਾਈ ਰੱਖਣ ਬਾਰੇ ਲੰਮੀ ਚਰਚਾ ਕੀਤੀ। ਇਸ ਨਾਲ ਹੀ ਲੋਕ ਸਭਾ ਚੋਣਾਂ ਵਿੱਚ ਬਿਹਤਰ ਨਤੀਜੇ ਲਿਆ ਕੇ ਦੇਸ਼ ਦੀ ਰਾਜਨੀਤੀ ਵਿੱਚ ਬਦਲਾਅ ਲਿਆਉਣ ਲਈ ਵੀ ਸਮਝੌਤਾ ਕੀਤਾ ਗਿਆ।
ਮਾਇਆਵਤੀ ਦੇ ਨਿਵਾਸ ਸਥਾਨ ‘ਤੇ ਹੋਈ ਇਸ ਮੀਟਿੰਗ ਦੌਰਾਨ ਬਸਪਾ ਸੁਪਰੀਮੋ ਨੇ ਕਿਹਾ ਕਿ ਸ਼ੁਰੂ ਤੋਂ ਹੀ ਦੋਵਾਂ ਪਾਰਟੀਆਂ ਦੀ ਸਿਖਰਲੀ ਲੀਡਰਸ਼ਿਪ ਵਿੱਚ ਇਸ ਗੱਲ ’ਤੇ ਆਮ ਸਹਿਮਤੀ ਬਣੀ ਹੋਈ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਾਂਗ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਦੋਵਾਂ ਪਾਰਟੀਆਂ ਵਿੱਚ ਪੂਰਨ ਏਕਤਾ ਅਤੇ ਤਾਲਮੇਲ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।
ਇਸ ਬੈਠਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ, “ਬਸਪਾ ਸੁਪਰੀਮੋ ਭੈਣ ਮਾਇਆਵਤੀ ਨਾਲ ਗੱਲਬਾਤ ਕਰਕੇ ਅਤੇ ਉਨ੍ਹਾਂ ਦੇ ਗਿਆਨ ਭਰਪੂਰ ਵਿਚਾਰ ਸੁਣ ਕੇ ਬਹੁਤ ਖੁਸ਼ੀ ਹੋਈ। ਬਹਿਨਜੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਅਤੇ ਪੰਜਾਬ ਵਿੱਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ। ਜਲੰਧਰ ਵਿੱਚ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਧੀਆ ਨਤੀਜਿਆਂ ਲਈ ਸਾਂਝੀ ਮੁਹਿੰਮ ਤੋਂ ਇਲਾਵਾ ਬਿਹਤਰ ਤਾਲਮੇਲ।
ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ- ਮੀਟਿੰਗ ਵਿੱਚ ਸਤੀਸ਼ ਮਿਸ਼ਰਾ ਵੀ ਸ਼ਾਮਲ ਸਨ। ਉਨ੍ਹਾਂ ਪੰਜਾਬ ਵਿੱਚ ਅਮਨ-ਕਾਨੂੰਨ ਦੇ ਢਹਿ-ਢੇਰੀ ਹੋਣ ਅਤੇ ਕਿਸਾਨਾਂ, ਨੌਜਵਾਨਾਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਆਸਾਂ ਨੂੰ ਪੂਰਾ ਕਰਨ ਵਿੱਚ ‘ਆਪ’ ਸਰਕਾਰ ਦੀ ਨਾਕਾਮੀ ਦਾ ਜ਼ਿਕਰ ਕੀਤਾ। ਲੋਕ ਅਕਾਲੀ-ਬਸਪਾ ਗਠਜੋੜ ‘ਤੇ ਵਿਸ਼ਵਾਸ ਕਰਨਗੇ ਅਤੇ ਭਾਜਪਾ ਦੀ ਨਕਾਰਾਤਮਕ ਰਾਜਨੀਤੀ ਦੇ ਨਾਲ-ਨਾਲ ਲੋਕ ਵਿਰੋਧੀ ‘ਆਪ’ ਅਤੇ ਕਾਂਗਰਸ ਨੂੰ ਨਕਾਰਨਗੇ।
ਦੂਜੇ ਪਾਸੇ ਮਾਇਆਵਤੀ ਨੇ ਵੀ ਟਵੀਟ ਕਰਕੇ ਕਿਹਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਵੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਵਿਚ ਪੁਰਾਣੇ ਆਪਸੀ ਗਠਜੋੜ ਨੂੰ ਹੋਰ ਮਜ਼ਬੂਤ ਕਰਨ ਅਤੇ ਬਿਹਤਰ ਤਾਲਮੇਲ ਆਦਿ ਨੂੰ ਲੈ ਕੇ ਸੁਖਾਵੇਂ ਮਾਹੌਲ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।
ਉਹਨਾਂ ਇਕ ਹੋਰ ਟਵੀਟ ਕਰਦਿਆ ਲਿਖਿਆ ਕਿ ਪੰਜਾਬ ‘ਚ ਅਕਾਲੀ-ਬਸਪਾ ਗਠਜੋੜ ਭਰੋਸੇਮੰਦ ਹੈ, ਜਿਸ ‘ਤੇ ਲੋਕਾਂ ਦੀਆਂ ਨਜ਼ਰਾਂ ਫਿਰ ਤੋਂ ਟਿਕੀਆਂ ਹਨ। ਪਹਿਲਾਂ ਕਾਂਗਰਸ ਅਤੇ ਹੁਣ ‘ਆਪ’ ਸਰਕਾਰ ਦੀਆਂ ਗਤੀਵਿਧੀਆਂ, ਵਾਅਦਾ ਖ਼ਿਲਾਫ਼ੀ ਤੋਂ ਜਨਤਾ ਦੁਖੀ ਹੈ। ਲੋਕ ਭਾਜਪਾ ਦੀ ਲੁੱਟ-ਖਸੁੱਟ ਅਤੇ ਭੰਨਤੋੜ ਦੀ ਨਕਾਰਾਤਮਕ ਰਾਜਨੀਤੀ ਨੂੰ ਵੀ ਨਾਪਸੰਦ ਕਰਦੇ ਹਨ।
ਨਾਲ ਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ। ਦੋਵਾਂ ਪਾਰਟੀਆਂ ਦਾ ਗਠਜੋੜ ਬਣਾਉਣ ਅਤੇ ਇਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਗਠਜੋੜ ਨੂੰ ਉਨ੍ਹਾਂ ਦਾ ਆਸ਼ੀਰਵਾਦ ਪਹਿਲਾਂ ਵਾਂਗ ਹੀ ਮਜ਼ਬੂਤ ਰਹਿੰਦਾ ਹੈ।