ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਵਲੋਂ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ ਸਸਪੈਂਡ ਕਰਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਜਵਾਬ ਹੁਣ ਪ੍ਰਨੀਤ ਕੌਰ ਦੇ ਵਲੋਂ ਦਿੱਤਾ ਗਿਆ ਹੈ। ਉਨ੍ਹਾਂ ਨੇ ਆਪਣਾ ਜਵਾਬ ਸੋਸ਼ਲ ਮੀਡੀਆ ਤੇ ਦਿੱਤਾ ਅਤੇ ਲਿਖਿਆ ਕਿ, ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ ਉਸਦਾ ਸਵਾਗਤ ਹੈ। ਉਨ੍ਹਾਂ ਕਾਂਗਰਸ ਲਈ ਹਮੇਸ਼ਾ ਵਧੀਆ ਹੀ ਕੀਤਾ ਤੇ ਉਨ੍ਹਾਂ ਲੋਕਾਂ ਲਈ ਵੀ ਜਿਨ੍ਹਾਂ ਨੇ ਵਾਰ-ਵਾਰ ਉਨ੍ਹਾਂ ਨੂੰ ਚੁਣਿਆ। ਮੈਂ ਜਨਤਾ ਦੀ ਸੇਵਾ ਹਮੇਸ਼ਾ ਕਰਦੀ ਰਹਾਂਗੀ। ਫ਼ੈਸਲਾ ਪਾਰਟੀ ਉੱਪਰ ਛੱਡਦੀ ਹਾਂ। ਜਨਤਾ ਮੇਰੀ ਤਾਕਤ ਹੈ, ਬਾਕੀ ਸਭ ਕੁਝ ਉਸ ਤੋਂ ਬਾਅਦ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪਾਰਟੀ ਦਾ ਪੂਰਾ ਹੱਕ ਹੈ ਉਹ ਜੋ ਮਰਜ਼ੀ ਕਰਨ। ਪਰਨੀਤ ਕੌਰ ਨੇ ਕਿਹਾ ਕਿ, ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਸੀ ਮੈਂ ਪੂਰੀ ਤਰ੍ਹਾਂ ਨਿਭਾਈ ਹੈ ਅਤੇ ਅੱਗੇ ਵੀ ਨਿਭਾਉਂਦੀ ਰਹਾਂਗੀ। ਹਲਕੇ ਲਈ ਜੋ ਕੰਮ ਕਰਨਾ ਹੋਵੇਗਾ, ਕਰਦੀ ਰਹਾਂਗੀ। ਕਾਰਣ ਦੱਸੋ ਨੋਟਿਸ ਦਾ ਜਵਾਬ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਫਿਰ ਦੱਸਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਜੋ ਵੀ ਪਾਰਟੀ ਨੇ ਕਰਨਾ ਹੈ, ਕਰਨ ਦਿਓ, ਉਸ ਤੋਂ ਬਾਅਦ ਉਹ ਜਵਾਬ ਦੇਣਗੇ।
ਦੱਸਣਯੋਗ ਹੈ ਕਿ ਕਾਂਗਰਸ ਨੇ ਪਟਿਆਲਾ ਤੋਂ ਲੋਕ ਸਭਾ ਦੀ ਆਪਣੀ ਮੈਂਬਰ ਪਰਨੀਤ ਕੌਰ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਸ਼ੁੱਕਰਵਾਰ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਸੀ। ਪ੍ਰਨੀਤ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹਨ। ਅਮਰਿੰਦਰ ਸਿੰਘ ਹੁਣ ਭਾਰਤੀ ਜਨਤਾ ਪਾਰਟੀ ਵਿਚ ਹਨ। ਪਾਰਟੀ ਦੀ ਅਨੁਸ਼ਾਸਨੀ ਐਕਸ਼ਨ ਕਮੇਟੀ ਨੇ ਪ੍ਰਨੀਤ ਕੌਰ ਨੂੰ ਮੁਅੱਤਲ ਕਰਨ ਦਾ ਫੈਸਲਾ ਲੈਂਦਿਆਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ 3 ਦਿਨਾਂ ਅੰਦਰ ਇਹ ਦੱਸਣ ਲਈ ਕਿਹਾ ਹੈ ਕਿ ਕਿਉਂ ਨਾ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ। ਅਨੁਸ਼ਾਸਨੀ ਕਾਰਵਾਈ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਵੱਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਕਾਇਤ ਕੀਤੀ ਸੀ ਕਿ ਪ੍ਰਨੀਤ ਕੌਰ ਭਾਜਪਾ ਦੀ ਮਦਦ ਲਈ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੈ।