ਪੰਜਾਬ ਵਿਧਾਨ ਸਭਾ ਦੇ ਕਾਨੂੰਨ ਨੂੰ ਟਿੱਚ ਜਾਣਦਿਆਂ ਪਿਛਲੀ ਕਾਂਗਰਸ ਅਤੇ ਅਕਾਲੀ ਸਰਕਾਰ ਦੇ ਕਈ ਮੰਤਰੀ ਅਤੇ ਮੌਜੂਦਾ ‘ਆਪ’ ਸਰਕਾਰ ਦੇ ਵਿਧਾਇਕ ਵਿਧਾਨ ਸਭਾ ਵਿਚ ਆਪਣੀ ਜਾਇਦਾਦ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ। ਖਾਸ ਗੱਲ ਇਹ ਹੈ ਕਿ 18 ਮੌਜੂਦਾ, ਪਿਛਲੀ ਸਰਕਾਰ ਦੌਰਾਨ ਚੁਣੇ ਗਏ ਵਿਧਾਇਕਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਵਿਧਾਨ ਸਭਾ ਵਿਚ ਅਜੇ ਤੱਕ ਦਾਖ਼ਲ ਨਹੀਂ ਕਰਵਾਇਆ ਹੈ।
ਇਨ੍ਹਾਂ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪਰਗਟ ਸਿੰਘ, ਸੁਖ ਸਰਕਾਰੀਆ, ਅਰੁਣਾ ਚੌਧਰੀ ਅਤੇ ਮੌਜੂਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੀ ਜਾਇਦਾਦ ਸਬੰਧੀ ਆਪਣੇ ਵੇਰਵੇ ਜਮ੍ਹਾਂ ਨਹੀਂ ਕਰਵਾਏ। ਇਸ ਤੋਂ ਇਲਾਵਾ 8 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪ੍ਰਾਪਰਟੀ ਸਬੰਧੀ ਜਾਣਕਾਰੀ ਵਿਧਾਨ ਸਭਾ ਅੱਗੇ ਨਸ਼ਰ ਨਹੀਂ ਕੀਤੀ ਹੈ।
ਦਸਣਯੋਗ ਹੈ ਕਿ ਹਰ ਸਾਲ 1 ਜਨਵਰੀ ਤੋਂ 31 ਦਸੰਬਰ ਤੱਕ ਦੀ ਪ੍ਰਾਪਰਟੀ ਦੀ ਜਾਣਕਾਰੀ ਵਿਧਾਨ ਸਭਾ ਵਿਚ 31 ਜਨਵਰੀ ਤੱਕ ਜਮ੍ਹਾਂ ਕਰਵਾਉਣੀ ਹੁੰਦੀ ਹੈ। ਵਿਧਾਨ ਸਭਾ ਵੱਲੋਂ ਜਾਰੀ ਸੂਚੀ ਤੋਂ ਪਤਾ ਲੱਗਦਾ ਹੈ ਕਿ ਅਜੇ ਬਹੁਤ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਆਪਣੀ ਜਾਇਦਾਦ ਦਾ ਵੇਰਵਾ ਜਮ੍ਹਾਂ ਕਰਵਾਉਣਾ ਅਜੇ ਬਾਕੀ ਹੈ। ਜਦਕਿ ਇਸ ਦੀ ਆਖਰੀ ਤਾਰੀਕ ਕਾਫੀ ਦਿਨਾਂ ਦੀ ਲੰਘ ਚੁੱਕੀ ਹੈ, ਪਰ ਫਿਰ ਵੀ ਇਹਨਾਂ ਆਗੂਆਂ ਵਲੋਂ ਹਾਲੇ ਤੱਕ ਕੋਈ ਜਾਣਕਾਰੀ ਵਿਧਾਨ ਸਭਾ ਨੂੰ ਪੇਸ਼ ਨਹੀਂ ਕੀਤੀ ਗਈ ਹੈ।