ਸਿੱਖਿਆ ਦੀ ਮਿਆਰ ਨੂੰ ਉੱਚਾ ਚੁੱਕਣ ਲਈ ਸਿੰਗਾਪਰ ਟ੍ਰੇਨਿੰਗ ਲਈ ਭੇਜੇ ਗਏ 36 ਪ੍ਰਿੰਸੀਪਲਾਂ ਦਾ ਬੈਚ ਅੱਜ ਪੰਜਾਬ ਵਾਪਸ ਪਰਤ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ, “ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਵਿਖੇ ਹੋਈ ਟਰੇਨਿੰਗ ਤੋਂ ਬਾਅਦ ਅੱਜ ਵਾਪਸ ਆਪਣੀ ਧਰਤੀ ਤੇ ਪਰਤ ਰਹੇ ਨੇ…ਜਿਹਨਾਂ ਦਾ ਮੈਂ ਸਨਮਾਨ ਨਾਲ ਸੁਆਗਤ ਕਰਾਂਗਾ… ਪੂਰੀ ਉਮੀਦ ਹੈ ਸਾਰਿਆਂ ਦੀ ਟਰੇਨਿੰਗ ਸਫ਼ਲ ਹੋਈ ਹੈ…ਜੋ ਵੀ ਤੁਸੀਂ ਇਹਨਾਂ ਦਿਨਾਂ ‘ਚ ਸਿੱਖਿਆ ਬੱਚਿਆਂ ਦੇ ਭਵਿੱਖ ਲਈ ਕੰਮ ਆਵੇਗਾ…ਸਾਰਿਆਂ ਨੂੰ ਸ਼ੁੱਭਕਾਮਨਾਵਾਂ…”
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 4 ਫਰਵਰੀ ਨੂੰ 36 ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ, ਜੋ 6 ਤੋਂ 10 ਫਰਵਰੀ ਤੱਕ ਸਿੰਗਾਪੁਰ ‘ਚ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ‘ਚ ਸ਼ਾਮਲ ਹੋਣ ਮਗਰੋਂ ਅੱਜ ਵਾਪਸ ਆ ਰਹੇ ਹਨ । ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਨਿਖਾਰਨਾ ਹੈ ਤਾਂ ਜੋ ਉਹ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਸਕਣ।