IAS officer Sibin C ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ (Chief Electoral Officer) ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੀ ਜਾਣਕਾਰੀ ਖ਼ੁਦ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ। ਦਸ ਦਈਏ ਕਿ 2005 ਬੈਚ ਦੇ ਅਧਿਕਾਰੀ Sibin C ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵਧੀਕ ਸੀ.ਈ.ਓ. ਵਜੋਂ ਵੀ ਸੇਵਾਵਾਂ ਨਿਭਾਈਆਂ ਸੀ।
ਮੁੱਖ ਚੋਣ ਅਧਿਕਾਰੀ ਬਣਨ ਮਗਰੋਂ IAS officer Sibin C ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੀ ਲੋਕਤੰਤਰੀ ਸੰਸਥਾ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਅਤੇ ਵੋਟਰ ਸੂਚੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਪਿਛਲੇ 17 ਸਾਲਾਂ ਦੌਰਾਨ ਬਹੁਤ ਕੁਝ ਕੀਤਾ ਗਿਆ ਹੈ। ਸਿਬਿਨ ਸੀ ਨੇ ਇਹ ਵੀ ਕਿਹਾ ਕਿ ਬਿਹਤਰ ਚੋਣ ਪ੍ਰਬੰਧਨ ਅਤੇ ਸੰਚਾਲਨ ਲਈ ਪਾਰਦਰਸ਼ਤਾ ਲਿਆਉਣ ਅਤੇ ਵੋਟਰ ਸੇਵਾਵਾਂ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਤਕਨਾਲੋਜੀ ਨੂੰ ਪ੍ਰਮੁੱਖ ਸਾਧਨ ਵਜੋਂ ਵਰਤਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ “ਮੈਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਦਾ ਦਫ਼ਤਰ, ਲੋਕਤੰਤਰੀ ਭਾਵਨਾ ਨੂੰ ਕਾਇਮ ਰੱਖਣ ਅਤੇ ਵੋਟਰਾਂ ਲਈ ਵੋਟਰ ਰਜਿਸਟ੍ਰੇਸ਼ਨ ਤੋਂ ਲੈ ਕੇ ਵੋਟਿੰਗ ਤੱਕ ਚੋਣ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਦ੍ਰਿੜਤਾ ਨਾਲ ਕੰਮ ਕਰਾਗਾਂ।”