ਫਗਵਾੜਾ: 10 ਮਹੀਨਿਆਂ ਵਿਚ ਹੀ ‘ਆਪ’ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਵਿਚ ਆਪਣੀ ਸਰਕਾਰ ਬਣਾਈ ਸੀ ਤਾਂ ਉਦੋਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਸਾਫ਼-ਸੁਥਰੀ ਹੋਵੇਗੀ। ਅਜੇ 10 ਮਹੀਨੇ ਹੀ ਸਰਕਾਰ ਬਣੇ ਨੂੰ ਹੋਏ ਹਨ ਇਹਨਾਂ ਦੇ 4 ਵਿਧਾਇਕ ਫੜੇ ਗਏ ਹਨ। ਭ੍ਰਿਸ਼ਟਾਚਾਰ ਵਿਰੁੱਧ ਇਹਨਾਂ ਨੇ ਲੜਾਈ ਤਾਂ ਕੀ ਲੜ੍ਹਨੀ ਸੀ, ਹੁਣ ਇਹ ਰਿਸ਼ਵਤ ਲੈਂਦੇ ਫੜੇ ਗਏ ਵਿਧਾਇਕ ਨੂੰ ਛੱਡਣ ਲੱਗ ਪਏ ਹਨ। ‘ਆਪ’ ਦਾ ਸਿਰਫ਼ ਇਕੋ ਨਿਸ਼ਾਨਾ ਪੰਜਾਬ ਨੂੰ ਲੁੱਟਣਾ ਹੈ। ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿੰਨਾਂ ਨੇ ਫਗਵਾੜਾ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ।
ਉਨ੍ਹਾਂ ਇਲਜ਼ਾਮ ਲਾਉਂਦੇ ਕਿਹਾ ਕਿ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਜੋ ਕਿ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਨੂੰ ਲੈ ਕੇ ਹਿਰਾਸਤ ਵਿਚ ਲਿਆ ਗਿਆ ਸੀ, ਉਹ ਸਹੀ ਮਾਇਨੇ ਵਿਚ ਇਕ ਡਿਕੈਤ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਪੁਲਸ ਅਫ਼ਸਰਾਂ ਨੇ ਵੀ ਦੱਸਿਆ ਸੀ ਕਿ ਸਾਨੂੰ ਹੁਕਮ ਹੋਏ ਹਨ ਕਿ ਅਮਿਤ ਨੂੰ ਨਹੀਂ ਫੜਨਾ। ਇਸ ਦੇ ਬਾਅਦ ਪੀ. ਏ. ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਕੇਸ ਪਾ ਦਿੱਤਾ ਗਿਆ। ਜਿਹੜੇ ਮਰਜ਼ੀ ਦਫ਼ਤਰ ਚਲੇ ਜਾਓ, ਉਥੇ ਸਿਰਫ਼ ਪੈਸਾ ਹੀ ਚੱਲ ਰਿਹਾ ਹੈ। ਪੰਜਾਬ ਵਿਚ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਆਮ ਇਨਸਾਨ ਦਫ਼ਤਰ ਵਿਚ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਕਰਵਾ ਸਕਦਾ। ਥਾਣਿਆਂ ਸਮੇਤ ਤਹਿਸੀਲਾਂ ਵਿਚ ਮਹੀਨਾ ਬੰਨ੍ਹਿਆ ਹੋਇਆ ਹੈ।