ਅਜਨਾਲਾ ਥਾਣੇ ਬਾਹਰ ਹੋਈ ਹਿੰਸਕ ਝੜਪ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਗਰਮਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਸਿਆਸੀ ਆਗੂਆਂ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਰਹਿਣ ਵਾਲੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਪੰਜਾਬ ਦੇ ਹਾਲਾਤ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਨਾਲ ਹੀ ਉਹਨਾਂ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਵੀ ਚੁਣੌਤੀ ਦੇ ਦਿੱਤੀ ਹੈ।
ਟਵੀਟ ਜਾਰੀ ਕਰਦੇ ਹੋਏ ਕੰਗਨਾ ਰਣੌਤ ਨੇ ਕਿਹਾ, “ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਮੈਂ ਦੋ ਸਾਲ ਪਹਿਲਾਂ ਹੀ ਇਸਦੀ ਭਵਿੱਖਬਾਣੀ ਕਰ ਦਿੱਤੀ ਸੀ, ਮੇਰੇ ‘ਤੇ ਕਈ ਕੇਸ ਦਰਜ ਹੋਏ, ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ, ਪੰਜਾਬ ਵਿੱਚ ਮੇਰੀ ਕਾਰ ‘ਤੇ ਹਮਲਾ ਹੋਇਆ, ਪਰ ਹੋਇਆ ਓਹੀ ਜੋ ਮੈਂ ਕਿਹਾ ਸੀ, ਹੁਣ ਸਮਾਂ ਹੈ ਕਿ ਗੈਰ-ਖਾਲਿਸਤਾਨੀ ਸਿੱਖਾਂ ਨੂੰ ਆਪਣੀ ਸਥਿਤੀ ਅਤੇ ਇਰਾਦੇ ਨੂੰ ਸਪੱਸ਼ਟ ਕਰਨ।”
ਇਕ ਹੋਰ ਟਵੀਟ ਜਾਰੀ ਕਰਦਿਆਂ ਉਹਨਾਂ ਲਿਖਿਆ, “6 ਸੰਮਨ, ਇੱਕ ਗ੍ਰਿਫਤਾਰੀ ਵਾਰੰਟ, ਪੰਜਾਬ ਵਿੱਚ ਮੇਰੀਆਂ ਫਿਲਮਾਂ ‘ਤੇ ਪਾਬੰਦੀ, ਮੇਰੀ ਕਾਰ ‘ਤੇ ਸਰੀਰਕ ਹਮਲਾ, ਕੌਮ ਨੂੰ ਇਕੱਠੇ ਰੱਖਣ ਲਈ, ਇੱਕ ਰਾਸ਼ਟਰਵਾਦੀ ਨੂੰ ਕੀਮਤ ਅਦਾ ਕਰਨੀ ਪੈਂਦੀ ਹੈ। ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈ ਜੇਕਰ ਤੁਸੀਂ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹੋ, ਤਾਂ ਤੁਹਾਨੂੰ ਇਸ ਬਾਰੇ ਆਪਣੀ ਸਥਿਤੀ ਬਾਰੇ ਸਪਸ਼ਟ ਕਰਨ ਨੂੰ ਲੈਕੇ ਨਹੀਂ ਸ਼ੱਕ ਹੋਣਾ ਚਾਹੀਦਾ।”
ਨਾਲ ਹੀ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ, “ਅੰਮ੍ਰਿਤਪਾਲ ਨੇ ਕੌਮ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਡਿਬੇਟ ਕਰਨ ਲਈ ਤਿਆਰ ਹੈ ਤਾਂ ਉਹ ਖਾਲਿਸਤਾਨ ਦੀ ਮੰਗ ‘ਤੇ ਸਫ਼ਾਈ ਦੇ ਸਕਦੇ ਹਨ, ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਇਹ ਚੁਣੌਤੀ ਸਵੀਕਾਰ ਨਹੀਂ ਕੀਤੀ, ਇੱਥੋਂ ਤੱਕ ਕਿ ਕਿਸੇ ਸਿਆਸਤਦਾਨ ਨੇ ਵੀ ਨਹੀਂ। ਉਹਨਾਂ ਲਿਖਿਆ ਕਿ ਜੇਕਰ ਮੈਨੂੰ ਖਾਲਿਸਤਾਨੀਆਂ ਵੱਲੋਂ ਕੁੱਟਿਆ/ਮਾਰਿਆ ਜਾਂ ਗੋਲੀ ਮਾਰ ਕੇ ਨਾ ਮਾਰਿਆ ਜਾਵੇ ਤਾਂ ਮੈਂ ਅੰਮ੍ਰਿਤਪਾਲ ਸਿੰਘ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ।”