ਕਾਂਗਰਸ ਦਾ ਪ੍ਰਮੁੱਖ ਚਿਹਰਾ ਰਹੀ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਸੰਕੇਤ ਦਿੱਤਾ। ਉਹਨਾਂ ਸੰਕੇਤ ਦਿੰਦੇ ਹੋਏ ਕਿਹਾ ਕਿ ਉਹ ਖੁਸ਼ ਹਨ ਕਿ ਉਹਨਾਂ ਦੀ “ਭਾਰਤ ਜੋੜੋ ਯਾਤਰਾ” ਦੇ ਨਾਲ ਪਾਰੀ ਸਮਾਪਤ ਹੋ ਸਕਦੀ ਹੈ, ਜਿਸਨੂੰ ਉਹਨਾਂ ਪਾਰਟੀ ਲਈ ਇੱਕ “Turning Point” ਵਜੋਂ ਦੱਸਿਆ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਪਾਰਟੀ ਦੇ ਤਿੰਨ ਰੋਜ਼ਾ ਵਿਚਾਰ ਸੰਮੇਲਨ ਦੇ ਦੂਜੇ ਦਿਨ 15,000 ਡੈਲੀਗੇਟਾਂ ਨੂੰ ਸੰਬੋਧਿਤ ਕਰਦੇ ਹੋਏ ਸ੍ਰੀਮਤੀ ਗਾਂਧੀ ਨੇ ਕਿਹਾ, “ਜੋ ਗੱਲ ਮੈਨੂੰ ਸਭ ਤੋਂ ਵੱਧ ਪ੍ਰਸੰਨ ਕਰਦੀ ਹੈ, ਉਹ ਇਹ ਹੈ ਕਿ ਮੇਰੀ ਪਾਰੀ ਭਾਰਤ ਜੋੜੋ ਯਾਤਰਾ ਦੇ ਨਾਲ ਸਮਾਪਤ ਹੋ ਸਕਦੀ ਹੈ। ਯਾਤਰਾ ਇੱਕ “Turning Point” ਦੇ ਰੂਪ ਵਿੱਚ ਆਈ ਹੈ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਲੋਕ ਭਾਰੀ ਸਦਭਾਵਨਾ, ਸਹਿਣਸ਼ੀਲਤਾ ਅਤੇ ਸਮਾਨਤਾ ਚਾਹੁੰਦੇ ਹਨ।
ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਰਕਾਰ ਨੇ ਸਾਰੀਆਂ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਨਫ਼ਰਤ ਦੀ ਅੱਗ ਭੜਕਾਈ ਜਾ ਰਹੀ ਹੈ। ਇਹ ਦੇਸ਼ ਲਈ ਖਾਸ ਤੌਰ ‘ਤੇ ਚੁਣੌਤੀਪੂਰਨ ਸਮਾਂ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇ ਲਗਾਤਾਰ ਹਰ ਇਕ ਸੰਸਥਾ ‘ਤੇ ਕਬਜ਼ਾ ਕੀਤਾ ਹੈ। ਅਨੁਸੂਚਿਤ ਜਾਤੀਆਂ, ਘੱਟ ਗਿਣਤੀਆਂ, ਔਰਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਅਤੇ ਸਰਕਾਰ ਕੁਝ ਉਦਯੋਗਪਤੀਆਂ ਦਾ ਸਾਥ ਦੇ ਰਹੀ ਹੈ।
ਨਾਲ ਹੀ ਉਹਨਾਂ ਨੇ ਪ੍ਰਧਾਨ ਦੇ ਤੌਰ ‘ਤੇ ਆਪਣੀ ਪਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਸੀ ਕਿ ਮੈਂ ਸਾਲ 1998 ‘ਚ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਿਆ। 25 ਸਾਲਾਂ ਵਿਚ ਪਾਰਟੀ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਨਿਰਾਸ਼ਾ ਵੀ ਹੱਥ ਲੱਗੀ। ਸੋਨੀਆ ਨੇ ਅੱਗੇ ਕਿਹਾ ਕਿ ਇਹ ਬਹੁਤ ਸੁਖ਼ਦ ਸਥਿਤੀ ਹੈ ਕਿ ਪ੍ਰਧਾਨ ਦੇ ਤੌਰ ‘ਤੇ ਉਨ੍ਹਾਂ ਦੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਪੂਰੀ ਹੋਈ।