ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ED ਨੇ ਗ੍ਰਿਫ਼ਤਾਰ ਕਰ ਲਿਆ ਹੈ। ਤਿਹਾੜ ਜੇਲ੍ਹ ਵਿੱਚ ਦੂਜੇ ਦੌਰ ਦੀ ਪੁੱਛਗਿੱਛ ਤੋਂ ਬਾਅਦ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਦੋਸ਼ ਲਾਇਆ ਕਿ ਸਿਸੋਦੀਆ ਆਪਣੇ ਜਵਾਬ ਵਿੱਚ ‘ਟਾਲਮਟੋਲ’ ਕਰ ਰਹੇ ਸਨ ਅਤੇ ‘ਜਾਂਚ ‘ਚ ਸਹਿਯੋਗ ਨਹੀਂ’ ਕਰ ਰਹੇ ਸਨ। ਦਸ ਦਈਏ ਕਿ ਈਡੀ ਵੱਲੋਂ ਸਿਸੋਦੀਆ ਤੋਂ ਪੁੱਛਗਿੱਛ ਦਾ ਪਹਿਲਾ ਦੌਰ 7 ਮਾਰਚ ਨੂੰ ਕੀਤਾ ਗਿਆ ਸੀ।
ED ਵੱਲੋਂ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਇਸ ਦਾ ਢੁੱਕਵਾਂ ਜਵਾਬ ਦੇਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ”ਮਨੀਸ਼ ਨੂੰ ਪਹਿਲਾਂ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ। ਛਾਪੇਮਾਰੀ ਦੌਰਾਨ ਸੀਬੀਆਈ ਨੂੰ ਕੋਈ ਸਬੂਤ ਨਹੀਂ ਮਿਲਿਆ, ਨਾ ਕੋਈ ਪੈਸਾ ਮਿਲਿਆ। ਭਲਕੇ ਜ਼ਮਾਨਤ ‘ਤੇ ਸੁਣਵਾਈ ਹੈ। ਮਨੀਸ਼ ਨੂੰ ਕੱਲ੍ਹ ਛੱਡ ਦਿੱਤਾ ਜਾਣਾ ਸੀ। ਇਸ ਲਈ ਅੱਜ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦਾ ਇਕ ਹੀ ਮਕਸਦ ਹੈ – ਮਨੀਸ਼ ਨੂੰ ਹਰ ਹਾਲਤ ‘ਚ ਅੰਦਰ ਰੱਖਣਾ। ਨਿੱਤ ਨਵੇਂ ਝੂਠੇ ਕੇਸ ਬਣਾ ਕੇ। ਜਨਤਾ ਦੇਖ ਰਹੀ ਹੈ। ਜਨਤਾ ਜਵਾਬ ਦੇਵੇਗੀ।”
ਇਥੇ ਦਸਣਯੋਗ ਹੈ ਕਿ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ 26 ਫਰਵਰੀ ਨੂੰ ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸਿਸੋਦੀਆ ਇਸ ਵੇਲੇ ਨਿਆਇਕ ਹਿਰਾਸਤ ਵਿੱਚ ਹਨ।