ਸਿੱਖਿਆ ਵਿਭਾਗ ’ਚ ਅਧਿਆਪਕਾਂ ਦੀ ਭਰਤੀ ਲਈ ਐਤਵਾਰ ਨੂੰ ਲਏ ਗਏ TET ਦੇ ਪੇਪਰ ਵਿਚ ਵੱਡੀ ਅਣਗਹਿਲੀ ਨਿਕਲ ਕੇ ਸਾਹਮਣੇ ਆਈ ਹੈ। ਪ੍ਰਸ਼ਨ ਪੱਤਰ ਦੇ ਵਿਚ ਹੀ ਉਹਨਾਂ ਦੇ ਉੱਤਰ ਲੀਕ ਕਰ ਦਿੱਤੇ ਗਏ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਪ੍ਰਸ਼ਨ ਪੱਤਰ ਵਿਚ ਹੀ ਉੱਤਰ ਹਾਈਲਾਈਟ ਕੀਤੇ ਗਏ ਅਤੇ 4 ਆਪਸ਼ਨ ‘ਚੋਂ ਉੱਤਰ ਨੂੰ ਬੋਲਡ ਕੀਤਾ ਗਿਆ ਜਿਸ ਤੋਂ ਬਾਅਦ ਪੇਪਰ ਵਾਲੀ ਥਾਂ ‘ਤੇ ਵੱਡਾ ਹੰਗਾਮਾ ਹੁੰਦਾ ਵਿਖਾਈ ਦਿੱਤਾ ਹੈ।
ਹੁਣ ਸਰਕਾਰ ਵੱਲੋਂ ਇਸ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੁੜ ਤੋਂ ਇਹ ਟੈਸਟ ਕਰਵਾਇਆ ਜਾਵੇਗਾ ਅਤੇ ਇਸ ਦੀ ਜਾਂਚ ਪ੍ਰਿੰਸੀਪਲ ਸੈਕਟਰੀ ਪੱਧਰ ‘ਤੇ ਕੀਤੀ ਜਾਵੇਗੀ। ਹਰਜੋਤ ਬੈਂਸ ਨੇ ਕਿਹਾ ਕਿ ਇਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ‘ਤੇ ਮਾਮਲਾ ਵੀ ਦਰਜ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਫ਼ਸੋਸ ਜਤਾਇਆ ਹੈ ਅਤੇ ਹੁਣ ਬਿਨਾਂ ਕਿਸੇ ਫ਼ੀਸ ਦੇ ਦੁਬਾਰਾ ਪੇਪਰ ਲਿਆ ਜਾਵੇਗਾ। ਭਵਿੱਖ ‘ਚ ਅਜਿਹੇ ਹਾਲਾਤ ‘ਚ ਤੀਜੀ ਧਿਰ ਨਾਲ ਦਸਤਖ਼ਤ ਕੀਤੇ ਗਏ ਐੱਮ. ਓ. ਯੂ. ‘ਚ ਉਮੀਦਵਾਰਾਂ ਦੇ ਮੁਆਵਜ਼ੇ ਲਈ ਢੁੱਕਵੀਂ ਧਾਰਾ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਹੀ ਇਹ ਸਭ ਸਹਿਣ ਕਿਉਂ ਕਰਨਾ ਪਵੇ।