1 ਅਪ੍ਰੈਲ ਤੋਂ ਸ਼ਹਿਰਾਂ ’ਚ ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਇਸ ਦੀ ਤਿਆਰੀ ਪੰਜਾਬ ਸਰਕਾਰ ਨੇ ਕਰ ਲਈ ਹੈ। ਦਰਅਸਲ, ਮਾਨ ਸਰਕਾਰ ਵਲੋਂ ਕੈਬਨਿਟ ਮੀਟਿੰਗ ਵਿਚ ਲਿਆਂਦੀ ਗਈ ਨਵੀਂ ਐਕਸਾਇਜ਼ ਪਾਲਿਸੀ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਲੋਕ ਹੁਣ ਠੇਕਿਆਂ ਦੇ ਨਾਲ-ਨਾਲ ਦੁਕਾਨਾਂ ਤੋਂ ਵੀ ਬੀਅਰ ਅਤੇ ਸ਼ਰਾਬ ਖਰੀਦ ਸਕਣਗੇ।
ਫਿਲਹਾਲ 77 ਬੀਅਰ ਅਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਜਾ ਰਹੀਆਂ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕ ਠੇਕੇ ’ਤੇ ਜਾਣ ਤੋਂ ਬਚਦੇ ਹਨ। ਅਜਿਹੇ ਲੋਕਾਂ ਨੂੰ ਹੁਣ ਠੇਕੇ ’ਤੇ ਜਾਣ ਦੀ ਲੋੜ ਨਹੀਂ ਹੋਵੇਗੀ। ਉਹ ਦੁਕਾਨ ਤੋਂ ਹੀ ਬੀਅਰ ਅਤੇ ਸ਼ਰਾਬ ਖਰੀਦ ਸਕਣਗੇ। ਇਸ ਲਈ ਸਰਕਾਰ ਨੇ ਹਵਾਲਾ ਦਿੱਤਾ ਹੈ ਕਿ ਇਸ ਤਰ੍ਹਾਂ ਸਰਕਾਰ ਦੀ ਆਮਦਨ ’ਚ ਵਾਧਾ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਹੋਈ ਪੰਜਾਬ ਕੈਬਨਿਟ ਨੇ ਬੀਤੇ ਸ਼ੁਕਰਵਾਰ ਨੂੰ ਸਾਲ 2023-24 ਦੇ ਲਈ ਆਬਕਾਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨੀਤੀ ਦੇ ਤਹਿਤ ਸਾਲ 2023-24 ’ਚ 1004 ਕਰੋੜ ਰੁਪਏ ਦੇ ਵਾਧੇ ਦੇ ਨਾਲ 9754 ਕਰੋੜ ਰੁਪਏ ਇੱਕਠੇ ਹੋਣ ਦਾ ਟਿੱਚਾ ਹੈ। ਬੀਅਰ ਬਾਰ, ਹਾਰਡ ਬਾਰ ਕਲੱਬ ਅਤੇ ਮਾਈਕ੍ਰੋਬ੍ਰੇਵਰੀ ਦੁਆਰਾ ਵੇਚੀ ਜਾਣ ਵਾਲੀ ਸ਼ਰਾਬ ’ਤੇ ਵੈਟ ਘਟਾ ਕੇ 13 ਫੀਸਦ ਅਤੇ 10 ਫੀਸਦ ਸਰਚਾਰਜ ਕਰ ਦਿੱਤਾ ਗਿਆ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ 1 ਅਪ੍ਰੈਲ ਤੋਂ ਸ਼ਹਿਰਾਂ ਵਿਚ ਬੀਅਰ ਅਤੇ ਸ਼ਰਾਬ ਦੀਆਂ 77 ਦੁਕਾਨਾ ਖੋਲ੍ਹਣ ਜਾ ਰਹੀ ਹੈ। ਜੇਕਰ ਕੋਈ ਠੇਕਿਆਂ ਤਕ ਨਹੀਂ ਜਾਣਾ ਚਾਹੁੰਦਾ ਹੈ ਤਾਂ ਹੁਣ ਉਹ ਸ਼ਹਿਰ ਦੇ ਬਾਜ਼ਾਰ ਵਿਚ ਹੀ ਖੁੱਲ੍ਹਣ ਵਾਲੀਆਂ ਇਨ੍ਹਾਂ ਖਾਸ ਦੁਕਾਨਾਂ ਤੋਂ ਸ਼ਰਾਬ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਨਾਲ ਸਰਕਾਰ ਦੀ ਆਮਦਨ ਵੀ ਵਧੇਗੀ। ਇਸ ਲਈ ਸਰਕਾਰ ਵਲੋਂ ਬਕਾਇਦਾ ਪੂਰੀ ਤਿਆਰੀ ਵੀ ਕਰ ਲਈ ਗਈ ਹੈ।