ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਮੰਨੇ ਜਾਂਦੇ ਬਠਿੰਡਾ ਜੇਲ ‘ਚ ਬੰਦ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਾਲੇ ਦੋ ਦਿਨ ਪਹਿਲਾਂ ਇੱਕ ਨਿੱਜੀ ਟੀਵੀ ਚੈਨਲ ਨਾਲ ਪ੍ਰਕਾਸ਼ਿਤ ਇੰਟਰਵਿਊ ਦਾ ਵਿਵਾਦ ਖ਼ਤਮ ਨਹੀਂ ਹੋਇਆ ਸੀ ਕਿ ਹੁਣ ਨਵਾਂ ਬਖੇੜਾ ਖੜਾ ਹੋ ਗਿਆ ਹੈ। ਦਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਪ੍ਰਸ਼ੰਸਕ ਦੱਸੀਆਂ ਜਾ ਰਹੀਆਂ ਦੋ ਨਾਬਾਲਗ ਲੜਕੀਆਂ ਦਿੱਲੀ ਤੋਂ ਉਸ ਨੂੰ ਮਿਲਣ ਲਈ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਪੁੱਜ ਗਈਆਂ ਹਨ ਜਿਥੇ ਲਾਰੇਸ ਬਿਸ਼ਨੋਈ ਬੰਦ ਹੈ। ਜਦੋਂ ਇਨ੍ਹਾਂ ਲੜਕੀਆਂ ਨੇ ਜੇਲ੍ਹ ਦੇ ਬਾਹਰ ਸੈਲਫੀਆਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਜੇਲ ਸਟਾਫ ਨੇ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਇਨ੍ਹਾਂ ਲੜਕੀਆਂ ਨੇ ਦਾਅਵਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਦੀਆਂ ਪ੍ਰਸ਼ੰਸਕ ਹਨ ਅਤੇ ਉਸਨੂੰ ਇੱਥੇ ਮਿਲਣ ਆਈਆਂ ਹਨ।
ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਬੱਚੀਆਂ ਨਾਬਾਲਗ ਹਨ ਅਤੇ ਦਿੱਲੀ ਤੋਂ ਆਪਣੇ ਮਾਪਿਆਂ ਨੂੰ ਪੰਜਾਬ ਘੁੰਮਣ ਦਾ ਕਹਿ ਕੇ ਇਥੇ ਆਈਆਂ ਸਨ। ਉਨ੍ਹਾਂ ਕਿਹਾ ਕਿ ਹੁਣ ਇਸ ਮਾਮਲੇ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਧਰ ਥਾਣਾ ਕੈਂਟ ਦੇ ਮੁਖੀ ਇੰਸਪੈਕਟਰ ਪਰਮ ਪਾਰਸ ਚਹਿਲ ਨੇ ਦੱਸਿਆ ਕੇ ਲੜਕੀਆਂ ਦੇ ਮਾਪਿਆਂ ਨੂੰ ਦਿੱਲੀ ਤੋਂ ਇਥੇ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨਬਾਲਗ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਸਖੀ ਸੈਂਟਰ ਭੇਜ ਦਿੱਤਾ ਗਿਆ ਹੈ।
ਉਧਰ ਸੂਤਰਾਂ ਤੋਂ ਪਤਾ ਚਲਿਆ ਹੈ ਇਹ ਲੜਕੀਆਂ ਮੂਲ ਰੂਪ ਵਿੱਚ ਝਾਰਖੰਡ ਨਾਲ ਸੰਬੰਧਤ ਹਨ ਅਤੇ ਇਨ੍ਹਾਂ ਨੇ ਇੰਸਟਾਗ੍ਰਾਮ ਸਣੇ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਰੈਂਸ਼ ਨੂੰ ਫੋਲੋ ਵੀ ਕੀਤਾ ਹੋਇਆ ਹੈ। ਇਹ ਵੀ ਪਤਾ ਚਲਿਆ ਹੈ ਕਿ ਇਹ ਲੜਕੀਆਂ ਦਿੱਲੀ ਤੋਂ ਟਰੇਨ ਰਾਹੀਂ ਪੰਜਾਬ ਦੇ ਅੰਮ੍ਰਿਤਸਰ ਵੱਲ ਆਈਆਂ ਸਨ ਪ੍ਰੰਤੂ ਲਾਰੈਂਸ ਬਿਸ਼ਨੋਈ ਦੇ ਬਠਿੰਡਾ ਜੇਲ੍ਹ ਵਿੱਚ ਬੰਦ ਹੋਣ ਬਾਰੇ ਪਤਾ ਚੱਲਦੇ ਹੀ ਉਸ ਗੈਂਗਸਟਰ ਨੂੰ ਮਿਲਣ ਲਈ ਬਠਿੰਡਾ ਜੇਲ੍ਹ ਬਾਹਰ ਪੁੱਜ ਜਾਂਦੀਆਂ ਹਨ।