‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਜਿਥੇ ਪੰਜਾਬ ਪੁਲਿਸ ਛਾਪੇ ਮਾਰ ਰਹੀ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਵਲੋਂ ਅੰਮ੍ਰਿਤਪਾਲ ਦੇ ਸਾਥੀਆਂ ਅਤੇ ਕਰੀਬੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦਲਜੀਤ ਕਲਸੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਬੀਤੇ ਕੱਲ੍ਹ ਅੰਮ੍ਰਿਤਪਾਲ ਸਿੰਘ ਦਾ ਇਕ ਹੋਰ ਕਰੀਬੀ ਪ੍ਰਧਾਨ ਮੰਤਰੀ ਬਾਜੇਕੇ ਵੀ ਗ੍ਰਿਫ਼ਤਾਰ ਕੀਤਾ ਸੀ। ਹਾਸਲ ਜਾਣਕਾਰੀ ਮੁਤਾਬਕ ਬਾਜੇਕੇ ਵੀ ਅੰਮ੍ਰਿਤਪਾਲ ਸਿੰਘ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਰਿਹਾ ਹੈ।ਜੇਕਰ ਕਲਸੀ ਦੀ ਗੱਲ ਕਰੀਏ ਤਾਂ ਪੁਲਿਸ ਨੇ ਕਲਸੀ ਨੂੰ ਦੇਰ ਰਾਤ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਅਨੁਸਾਰ ਕਲਸੀ ਨੂੰ ਅੰਮ੍ਰਿਤਪਾਲ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਦੀਪ ਸਿੱਧੂ ਨਾਲ ਵੀ ਤਸਵੀਰਾਂ ਹਨ।
ਦੱਸ ਦਈਏ ਕਿ ਪੰਜਾਬ ਪੁਲਿਸ ਨੇ ਕੁਝ ਦਿਨ ਪਹਿਲਾਂ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਫਰਾਰ ਹੋ ਗਿਆ। ਪੁਲਿਸ ਨੇ ਹੁਣ ਅੰਮ੍ਰਿਤਪਾਲ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ।