ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਅੱਜ ਡੇਰਾ ਬੱਸੀ ਦੇ ਇੰਡਸ ਹਸਪਤਾਲ ਪਹੁੰਚੇ। ਨਵਜੋਤ ਕੌਰ ਸਿੱਧੂ ਅੱਜ ਆਪਣੀ ਕੈਂਸਰ ਸਟੇਜ 2 ਦੀ ਸਰਜਰੀ ਕਰਵਾਉਣ ਲਈ ਇਥੇ ਪਹੁੰਚੇ ਹਨ। ਇਸ ਦੌਰਾਨ ਉਹਨਾਂ ਵਲੋਂ ਨਵਜੋਤ ਸਿੰਘ ਸਿੱਧੂ ਲਈ ਇਕ ਭਾਵੁਕ ਟਵੀਟ ਸਾਂਝਾ ਕੀਤਾ ਗਿਆ। ਨਵਜੋਤ ਕੌਰ ਸਿੱਧੂ ਨੇ ਲਿਖਿਆ, “ਉਹ ਉਸ ਅਪਰਾਧ ਲਈ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ, ਇਸ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿਓ। ਹਰ ਦਿਨ ਬਾਹਰ ਤੁਹਾਡਾ ਇੰਤਜ਼ਾਰ ਕਰਨਾ ਸ਼ਾਇਦ ਤੁਹਾਡੇ ਤੋਂ ਵੱਧ ਮੈਂ ਦੁਖੀ ਹਾਂ। ਹਮੇਸ਼ਾ ਵਾਂਗ ਤੁਹਾਡੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਹਾਂ।
ਵਾਰ-ਵਾਰ ਤੁਹਾਨੂੰ ਇਨਸਾਫ਼ ਲਈ ਵਾਂਝਾ ਦੇਖ ਕੇ ਤੁਹਾਡਾ ਇੰਤਜ਼ਾਰ ਕੀਤਾ। ਸੱਚ ਬਹੁਤ ਤਾਕਤਵਰ ਹੁੰਦਾ ਹੈ ਪਰ ਇਸ ਦੀ ਪ੍ਰੀਖਿਆ ਵਾਰ-ਵਾਰ ਹੁੰਦੀ ਹੈ। ਕਲਯੁੱਗ। ਮੁਆਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਖ਼ਤਰਨਾਕ ਕੈਂਸਰ ਦੂਜੀ ਸਟੇਜ ਵਿਚ ਹੈ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ 26 ਜਨਵਰੀ ਨੂੰ ਹੀ ਹੋ ਜਾਣੀ ਸੀ ਪਰ ਉਹ ਰਿਹਾਈ ਨਹੀਂ ਹੋਈ। ਹੁਣ ਚਰਚਾ ਹੈ ਕਿ ਨਵਜੋਤ ਸਿੱਧੂ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਦਰਅਸਲ ਨਵਜੋਤ ਸਿੱਧੂ ਨੂੰ 19 ਮਈ, 2022 ਨੂੰ ਸੁਪਰੀਮ ਕੋਰਟ ਨੇ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਲਿਹਾਜ਼ ਨਾਲ ਉਨ੍ਹਾਂ ਨੂੰ 18 ਮਈ ਤੱਕ ਜੇਲ੍ਹ ‘ਚ ਰਹਿਣ ਪੈਣਾ ਸੀ। ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਕੈਦੀਆਂ ਨੂੰ ਇਕ ਮਹੀਨੇ ਚਾਰ ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਨਵਜੋਤ ਸਿੱਧੂ ਨੇ ਇਸ ਦੌਰਾਨ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ। ਇਸ ਦੇ ਲਿਹਾਜ਼ ਨਾਲ ਉਨ੍ਹਾਂ ਦੀ ਸਜ਼ਾ 48 ਦਿਨ ਪਹਿਲਾਂ ਮਾਰਚ ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ ਅਤੇ ਉਹ ਪਹਿਲੀ ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆ ਸਕਦੇ ਹਨ।