ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਹਾਲੀ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੀ ਨਿਵੇਕਲੀ ਪਹਿਲ ਦਾ ਉਦਘਾਟਨ ਕੀਤਾ ਗਿਆ ਹੈ। ਦਸ ਦਈਏ ਕਿ ਪੰਜਾਬ ਦੀਆਂ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਚੈਟਬੋਟ ਲਾਂਚ ਕੀਤਾ। ਇਸ ਦੌਰਾਨ ਲਾਂਚ ਕੀਤੀ ਗਈ ਡਿਜੀਟਲ ਐਪ ਦੇ ਨਾਲ-ਨਾਲ ਇਕ ਚੈਟਬੋਟ ਨੰਬਰ ਵੀ ਜਾਰੀ ਕੀਤਾ ਹੈ।
ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਚੈਟਬੋਟ ਰਾਹੀਂ ਬਹੁਤ ਸਾਰੀਆਂ ਡਿਜੀਟਲ ਸ਼ਿਕਾਇਤਾਂ ਮਿਲਣਗੀਆਂ, ਜਿਸ ਨਾਲ ਕੰਮ ਸੌਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਅਕਸਰ ਥਾਣੇ ਜਾਣ ਤੋਂ ਡਰਦੀਆਂ ਹਨ, ਇਸ ਲਈ ਮਹਿਲਾ ਪੁਲਿਸ ਥਾਣਿਆਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ 5 ਜ਼ਿਲ੍ਹਿਆਂ ‘ਚ ਐੱਸ. ਐੱਸ. ਪੀ. ਅਤੇ 7 ਡਿਪਟੀ ਕਮਿਸ਼ਨਰ ਔਰਤਾਂ ਹੀ ਹਨ ਅਤੇ ਇਹ ਸਾਰੇ ਜ਼ਿਲ੍ਹੇ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ‘ਚ ਬਹੁਤ ਤਾਕਤ ਹੁੰਦੀ ਹੈ ਅਤੇ ਪਰਮਾਤਮਾ ਨੇ ਉਨ੍ਹਾਂ ਨੂੰ ਇਹ ਗੁਣ ਬਖ਼ਸ਼ਿਆ ਹੈ। ਉਨ੍ਹਾਂ ਕਿਹਾ ਕਿ ਬੱਚੇ ਗੁੰਮ ਹੋਣ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਹਨ ਅਤੇ ਪੁਲਸ ਕੋਲ ਵੀ ਬਹੁਤ ਜ਼ਿਆਦਾ ਕੰਮ ਹੈ। ਅਸੀਂ ਕੰਮ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਪੁਲਸ ਅਤੇ ਪਬਲਿਕ ਵਿਚਕਾਰ ਅੰਤਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।