ਰੋਡਰੇਜ ਮਾਮਲੇ ‘ਚ ਤਕਰੀਬਨ 10 ਮਹੀਨਿਆਂ ਦੀ ਸਜ਼ਾ ਕੱਟ ਕੇ ਬਾਹਰ ਆਏ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਕਾਂਗਰਸੀ ਲੀਡਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਰਾਜ ਸਭਾ ਮੈਂਬਰ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਖੁਦ ਸਾਂਝੀ ਕੀਤੀ ਹੈ।
ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਟਵੀਟ ਲਿਖਿਆ ਕਿ ਮੱਲਿਕਾਰਜੁਨ ਖੜਗੇ 9 ਵਾਰ MLA ਬਣੇ, ਤਿੰਨ ਵਾਰ ਮੈਂਬਰ ਪਾਰਲੀਮੈਂਟ, ਪਛੜੇ ਲੋਕਾਂ ਲਈ ਚੈਂਪੀਅਨ ਅਤੇ ਸੱਚ ਦੀ ਆਵਾਜ਼ ਬਣੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ‘ਭਰੋਸੇਯੋਗਤਾ ਦਾ ਨਾਮ ਮੱਲਿਕਾਰਜੁਨ ਖੜਗੇ’। ਨਵਜੋਤ ਸਿੱਧੂ ਨੇ ਅੱਗੇ ਲਿਖਿਆ ਕਿ ਮਾਣਯੋਗ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਸਕਾਰਾਤਮਕ ਹੁਲਾਰੇ ਅਤੇ ਚੰਗੀ ਕਿਸਮਤ ਲੈ ਕੇ ਆਏ ਹਨ।
ਇਸ ਤੋਂ ਬਾਅਦ ਨਵਜੋਤ ਸਿੱਧੂ ਰਾਜ ਸਭਾ ਮੈਂਬਰ ਕੇ.ਸੀ. ਵੇਣੂਗੋਪਾਲ ਨੂੰ ਮਿਲੇ। ਉਹਨਾਂ ਲਿਖਿਆਂ, “ਇੱਕ ਬੁੱਧੀਮਾਨ ਵਿਅਕਤੀ ਨਾਲ ਗੱਲਬਾਤ ਮਹੀਨਿਆਂ ਦੀ ਸਿੱਖਿਆ ਦੇ ਯੋਗ ਹੈ”। ਸੰਗਠਨ ਲਈ ਤਾਕਤ ਦਾ ਥੰਮ, ਪਾਰਟੀ ਦੇ ਬੁੱਧੀਮਾਨ ਕੌਂਸਲ ਕੇ.ਸੀ. ਵੇਣੂਗੋਪਾਲ ਨੂੰ ਮਿਲੇ ਅਤੇ ਉਹਨਾਂ ਦਾ ਆਸ਼ੀਰਵਾਦ ਲਿਆ।
ਦੱਸ ਦੇਈਏ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿੱਥੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ ਪੰਜਾਬ ਦਾ ਸਿਆਸੀ ਮਾਹੌਲ ਵੀ ਗਰਮਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣ ਮਗਰੋਂ ਬੀਤੇ ਦਿਨ ਪਹਿਲੀ ਵਾਰ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਢਰਾ ਨਾਲ ਮੁਲਾਕਾਤ ਕੀਤੀ ਸੀ।