ਰਿਲਾਇੰਸ ਬੀਮਾ ਘਪਲੇ ਨੂੰ ਲੈਕੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀਆਂ ਮੁਸ਼ਕਿਲਾਂ ਵੱਧਦੀਆਂ ਉਦੋਂ ਵਿਖਾਈ ਦਿੱਤੀਆਂ ਜਦੋਂ ਸੀ.ਬੀ.ਆਈ. ਨੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਨੋਟਿਸ ਭੇਜਿਆ ਹੈ। ਇਸ ਦੀ ਜਾਣਕਾਰੀ ਖੁਦ ਸਾਬਕਾ ਰਾਜਪਾਲ ਮਲਿਕ ਨੇ ਦਿੱਤੀ ਹੈ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਸੀ.ਬੀ.ਆਈ. ਨੇ 27 ਤੇ 28 ਅਪ੍ਰੈਲ ਨੂੰ ਦਿੱਲੀ ਦਫ਼ਤਰ ਵਿਚ ਬੁਲਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, “ਮੈਂ ਸੱਚ ਬੋਲ ਕੇ ਕੁੱਝ ਲੋਕਾਂ ਦੇ ਪਾਪ ਉਜਾਗਰ ਕੀਤੇ ਹਨ। ਸ਼ਾਇਦ ਇਸੇ ਲਈ ਬੁਲਾਵਾ ਆਇਆ ਹੈ। ਮੈਂ ਕਿਸਾਨ ਦਾ ਪੁੱਤ ਹਾਂ, ਘਬਰਾਵਾਂਗਾ ਨਹੀਂ। ਸੱਚਾਈ ਦੇ ਨਾਲ ਖੜ੍ਹਾ ਹਾਂ।”
ਇਸ ਨੂੰ ਲੈ ਕੇ ਹੁਣ ਰਾਜਨੀਤੀ ਤੇਜ਼ ਹੋ ਗਈ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇ ਟਵੀਟ ਕਰਦਿਆਂ ਲਿਖਿਆ, “ਆਖਿਰਕਾਰ ਪੀ.ਐੱਮ. ਮੋਦੀ ਤੋਂ ਰਿਹਾ ਨਹੀਂ ਗਿਆ। ਸੱਤਿਆਪਾਲ ਮਲਿਕ ਨੇ ਦੇਸ਼ ਦੇ ਸਾਹਮਣੇ ਉਨ੍ਹਾਂ ਦੇ ਭੇਤ ਖੋਲ੍ਹ ਦਿੱਤੇ। ਹੁਣ ਸੀ.ਬੀ.ਆਈ. ਨੇ ਮਲਿਕ ਨੂੰ ਬੁਲਾਇਆ ਹੈ। ਇਹ ਤਾਂ ਹੋਣਾ ਹੀ ਸੀ। ਇਕ ਚੀਜ਼ ਹੋਰ ਹੋਵੇਗੀ… ਗੋਦੀ ਮੀਡੀਆ ਅਜੇ ਵੀ ਚੁੱਪ ਰਹੇਗਾ।”
ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਪੂਰਾ ਦੇਸ਼ ਤੁਹਾਡੇ ਨਾਲ ਹੈ, ਖੌਫ਼ ਦੇ ਇਸ ਦੌਰ ਵਿਚ ਤੁਸੀਂ ਬੜੀ ਬਹਾਦੁਰੀ ਦਿਖਾਈ ਹੈ,ਸਰ। ਉਹ ਕਾਇਰ ਹੈ, CBI ਦੇ ਪਿੱਛੇ ਲੁਕਿਆ ਹੈ। ਜਦੋਂ-ਜਦੋਂ ਇਸ ਮਹਾਨ ਦੇਸ਼ ‘ਤੇ ਸੰਕਟ ਆਇਆ, ਤੁਹਾਡੇ ਜਿਹੇ ਲੋਕਾਂ ਨੇ ਆਪਣੀ ਹਿੰਮਤ ਨਾਲ ਉਸ ਦਾ ਮੁਕਾਬਲਾ ਕੀਤਾ। ਉਹ ਅਨਪੜ੍ਹ ਹੈ, ਭ੍ਰਿਸ਼ਟ ਹੈ, ਗੱਦਾਰ ਹੈ। ਉਹ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ। ਤੁਸੀਂ ਅੱਗੇ ਵਧੋ ਸਰ। ਮਾਣ ਹੈ ਤੁਹਾਡੇ ‘ਤੇ।”
ਦਰਅਸਲ, ਸੀ.ਬੀ.ਆਈ. ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੋਏ ਕਥਿਤ ਬੀਮਾ ਘਪਲੇ ਦੇ ਸਿਲਸਿਲੇ ਵਿਚ ਕੁੱਝ ਸਵਾਲਾਂ ਦੇ ਜਵਾਬ ਦੇਣ ਨੂੰ ਕਿਹਾ ਹੈ। ਕੇਂਦਰੀ ਏਜੰਸੀ ਨੇ ਸਰਕਾਰੀ ਮੁਲਾਜ਼ਮਾਂ ਲਈ ਇਕ ਸਮੂਹ ਮੈਡੀਕਲ ਬੀਮਾ ਯੋਜਨਾ ਦੇ ਠੇਕੇ ਦੇਣ ਵਿਚ ਅਤੇ ਜੰਮੂ-ਕਸ਼ਮੀਰ ਵਿਚ ਕੀਰ ਜਲਵਿਦਯੁਤ ਪਰਿਯੋਜਨਾ ਨਾਲ ਜੁੜੇ 2200 ਕਰੋੜ ਰੁਪਏ ਦੇ ਨਿਰਮਾਣ ਕਾਰਜ ਵਿਚ ਭ੍ਰਿਸ਼ਟਾਚਾਰ ਦੇ ਮਲਿਕ ਦੇ ਦੋਸ਼ਾਂ ਬਾਰੇ 2 FIR ਦਰਜ ਕੀਤੀਆਂ ਸਨ।