ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਐਸ.ਜੀ.ਪੀ.ਸੀ. ਲਗਾਤਾਰ ਸਖ਼ਤ ਕਦਮ ਚੁੱਕ ਰਹੀ ਹੈ। ਇਸ ਦੌਰਾਨ ਹੁਣ ਕਮੇਟੀ ਵਲੋਂ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਜਾਣੂ ਕਰਵਾਉਣ ਲਈ ਡਿਓੜੀ ਨੇੜੇ ਵੱਡੀ ਸਕਰੀਨ ਅਤੇ ਵੱਡੇ ਬੋਰਡ ਲਗਾਏ ਜਾਣਗੇ। ਇਹ ਬੋਰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪ੍ਰਵੇਸ਼ ਦੁਆਰਾਂ ’ਤੇ ਲਗਾਏ ਜਾਣਗੇ ।
ਐੱਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਵੱਡੀ ਸਕਰੀਨ 15 ਬਾਈ 10 ਫੁੱਟ ਦੀ ਹੋਵੇਗੀ। ਇਹ 15-20 ਦਿਨਾਂ ‘ਚ ਲਗਾਈ ਜਾਵੇਗੀ। ਸਕਰੀਨ ‘ਤੇ 24 ਘੰਟੇ ਸਿੱਖ ਰਹਿਤ ਮਰਿਆਦਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਜਾਣਕਾਰੀ ਫਲੈਸ਼ ਹੁੰਦੀ ਰਹੇਗੀ।
ਘੰਟਾਘਰ ਦੇ ਮੁੱਖ ਪ੍ਰਵੇਸ਼ ਦੁਆਰ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਪ੍ਰਵੇਸ਼ ਦੁਆਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰੀ ਨਿਵਾਸ ਪ੍ਰਵੇਸ਼ ਦੁਆਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਵੇਸ਼ ਦੁਆਰ ਵੱਲ ਸੂਚਨਾ ਵਾਲੇ ਬੋਰਡ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਅਤੇ ਸਿੱਖ ਧਰਮ ਦੇ ਧਾਰਮਿਕ ਸਥਾਨਾਂ ਦੇ ਨੇੜੇ ਰੱਖਣ ਦੀ ਵੀ ਮਨਾਹੀ ਹੈ। ਇਹ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੈ। ਗੁਰਦੁਆਰਾ ਸਾਹਿਬ ‘ਚ ਦਾਖ਼ਲ ਹੋਣ ਤੋਂ ਪਹਿਲਾਂ ਪੈਰ ਧੋਤੇ ਜਾਂਦੇ ਹਨ ਅਤੇ ਸਿਰ ਕੱਪੜੇ ਨਾਲ ਢੱਕਣਾ ਲਾਜ਼ਮੀ ਹੈ।