ਦਿੱਗਜ ਸਿਆਸਤਦਾਨ ਰਹੇ ਸ. ਪ੍ਰਕਾਸ਼ ਸਿੰਘ ਦੇ ਅਕਾਲ ਚਲਾਣੇ ‘ਤੇ ਦੇਸ਼ ਦੇ ਵੱਡੇ ਸਿਆਸੀ ਲੀਡਰਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਕਈ ਕਈ ਲੀਡਰਾਂ ਨੇ ਸੋਗ ਜਤਾਇਆ ਹੈ। ਇਸ ਮੌਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਬੁੱਧਵਾਰ ਨੂੰ ਦੁਖ਼ ਜਤਾਇਆ ਹੈ ਅਤੇ ਜਨਤਕ ਜੀਵਨ ‘ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਡਾ. ਮਨਮੋਹਨ ਸਿੰਘ ਨੇ ਪ੍ਰਕਾਸ਼ ਬਾਦਲ ਦੇ ਪੁੱਤ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਗਏ ਆਪਣੇ ਸੋਗ ਸੰਦੇਸ਼ ‘ਚ ਕਿਹਾ ਹੈ ਕਿ ਬਾਦਲ ਇਕ ਦਿੱਗਜ ਨੇਤਾ ਸਨ, ਜਿਨ੍ਹਾਂ ਨੇ ਪੰਜਾਬ ਦੀ ਰਾਜਨੀਤੀ ‘ਚ ਕਈ ਦਹਾਕਿਆਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ,”ਲੰਮੇ ਸਿਆਸੀ ਅਤੇ ਪ੍ਰਸ਼ਾਸਨਿਕ ਕਰੀਅਰ ‘ਚ ਉਹ 5 ਵਾਰ ਮੁੱਖ ਮੰਤਰੀ ਰਹੇ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਸਮਾਜ ਦੇ ਕਮਜ਼ੋਰ ਤਬਕਿਆਂ ਦੇ ਕਲਿਆਣ ਲਈ ਜ਼ਿਕਰਯੋਗ ਯੋਗਦਾਨ ਦਿੱਤਾ।” ਮਨਮੋਹਨ ਸਿੰਘ ਅਨੁਸਾਰ, ਉਨ੍ਹਾਂ ਦੀ ਕਈ ਮੁੱਦਿਆਂ ‘ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਦੀਆਂ ਸੁਖ਼ਦ ਯਾਦਾਂ ਹਨ। ਉਨ੍ਹਾਂ ਨੇ ਬਾਦਲ ਪਰਿਵਾਰ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤਾ।
ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਲਿਖਿਆ, ਪ੍ਰਕਾਸ਼ ਸਿੰਘ ਬਾਦਲ ਭਾਰਤੀ ਰਾਜਨੀਤੀ ਦੀ ਇਕ ਵਿਸ਼ਾਲ ਸ਼ਖਸੀਅਤ ਅਤੇ ਇਕ ਕਮਾਲ ਦੇ ਰਾਜਨੇਤਾ ਸਨ ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਹੁਤ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਮੇਰੇ ਲਈ ਨਿੱਜੀ ਘਾਟਾ ਹੈ। ਮੈਂ ਕਈ ਦਹਾਕਿਆਂ ਤੋਂ ਉਨ੍ਹਾਂ ਨਾਲ ਨੇੜਿਓਂ ਗੱਲਬਾਤ ਕੀਤੀ ਹੈ ਅਤੇ ਬਹੁਤ ਕੁਝ ਸਿੱਖਿਆ ਹੈ। ਮੈਨੂੰ ਸਾਡੇ ਕਈ ਵਾਰਤਾਲਾਪ ਯਾਦ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਸਿਆਣਪ ਹਮੇਸ਼ਾ ਸਾਫ਼ ਦਿਖਾਈ ਦਿੰਦੀ ਸੀ। ਇਸਦੇ ਨਾਲ ਹੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਚਿੱਠੀ ਦੇ ਜ਼ਰਿਏ ਵੱਡੇ ਬਾਦਲ ਦੇ ਅਕਾਲ ਚਲਾਣੇ ‘ਤੇ ਦੁਖ ਜਤਾਇਆ। ਇਸ ਤੋਂ ਹੋਰ ਕਈ ਨੇਤਾਵਾਂ ਨੇ ਵੀ ਬਾਦਲ ਪਰਿਵਾਰ ਅਤੇ ਉਹਨਾਂ ਦੇ ਸਮਰਥਕਾਂ ਨਾਲ ਹਮਦਰਦੀ ਜਤਾਈ ਹੈ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਿਆਸਤ ਦੇ ਇੱਕ ਹੋਰ ਯੋਧੇ ਦਾ ਅੰਤ ਹੋ ਗਿਆ ਹੈ। ਇਨ੍ਹਾਂ ਦਾ ਜਾਣਾ ਪੰਜਾਬ ਤੇ ਪੰਜਾਬੀਅਤ ਲਈ ਵੱਡਾ ਘਾਟਾ ਹੈ। ਅਜਿਹੇ ਸਿਆਸਤਦਾਨਾਂ ਦੀ ਪੂਰੇ ਭਾਰਤ ਅੰਦਰ ਕਮੀ ਰੜਕੇਗੀ ਜੋ ਜ਼ਮੀਨ ਨਾਲ ਜੁੜੇ ਹੋਣ ਲੋਕ ਮੁੱਦਿਆਂ ਦੀ ਗੱਲ ਕਰਦੇ ਹੋਣ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।